ਅਫ਼ਸਰਸ਼ਾਹੀ

ਅਫ਼ਸਰਸ਼ਾਹੀ ਕੀ ਹੈ?
ਜਿਵੇਂ ਲੱਕੜੀ ਦੀ ਮੇਜ਼ ਦੀਆਂ ਚਾਰ ਲੱਤਾਂ
ਅਤੇ ਲੱਕੜੀ ਦੀ ਕੁਰਸੀ ਦੀਆਂ ਚਾਰ ਲੱਤਾਂ ਦੇ
ਦਰਮਿਆਨ
ਦੋ ਲੱਤਾਂ ਹੋਰ ਜੋੜ ਦਿੱਤੀਆਂ ਜਾਣ
ਇਹ ਦਸ ਦੀਆਂ ਦਸ ਲੱਤਾਂ
ਤੁਰਦੀਆਂ ਨਹੀਂ, ਪਹੁੰਚਦੀਆਂ ਨਹੀਂ ਕਿਤੇ
ਸਿਰਫ਼ ਇਹ ਲੱਤਾਂ
ਹਿੰਦਸੇ ਪੂਰਦੀਆਂ
ਦੁਲੱਤੀਆਂ ਮਾਰਦੀਆਂ
ਅਤੇ ਅੱਗੇ-ਪਿੱਛੇ, ਸੱਜੇ-ਖੱਬੇ, ਉਤੇ-ਹੇਠਾਂ ਦਿਸਦੇ
ਅਣਦਿਸਦੇ
ਦਸ-ਦਸ ਦੇ ਹਿੰਦਸਿਆਂ ਵਿਚਕਾਰ
ਲੱਤਾਂ ਅੜਾਉਂਦਿਆਂ
ਕੌਡੀ ਖੇਡਦਿਆਂ
ਦੌੜਾਂ ਬਣਾਉਂਦਿਆਂ
ਜਾਂ ਆਊਟ ਹੋ ਜਾਂਦੀਆਂ
ਜਾਂ ਜਿੱਤ ਦਾ ਭਰਮ ਪੈਦਾ ਕਰਨ ਲਈ
ਫਾਊਲ ਖੇਡਦੀਆਂ

ਮੇਜ਼ ਅਤੇ ਕੁਰਸੀ ਵਿਚਕਾਰ ਜੜੀਆਂ
ਇਨ੍ਹਾਂ ਦੋ ਲੱਤਾਂ ਦੀ ਅਹਿਮੀਅਤ
ਬੈਸਾਖੀਆਂ ਜਿੰਨੀ ਹੀ ਹੁੰਦੀ ਹੈ
ਜੋ ਆਪ ਕਿਸੇ ਰਾਹ 'ਤੇ
ਤੁਰ ਕੇ ਨਹੀਂ ਜਾ ਸਕਦੀਆਂ

ਇਹ ਦਸ ਦਸ ਦੇ ਹਿੰਦਸੇ
ਸ਼ਿੰਗਾਰਦਾਨ ਹੁੰਦੇ ਨੇ

ਹਕੂਮਤ ਨਾਂ ਦੀ ਤਵਾਇਫ਼ ਦੇ