ਜਮਹੂਰੀਅਤ

ਜਮਹੂਰੀਅਤ ਕੀ ਹੈ?
ਸਿੰਥੈਟਿਕ ਰੰਗਾਂ ਨਾਲ ਸ਼ਿੰਗਾਰੀ
ਇਕ ਹਰੀ-ਭਰੀ ਚਰਾਂਦ ਹੈ
ਜਿੱਥੇ ਸ਼ਖਸੀ ਆਜ਼ਾਦੀ ਦੀ ਭੇਡ
ਚੋਣ-ਮੈਨੀਫੈਸਟੋ ਉਤੇ ਮੂੰਹ ਮਾਰਦੀ ਏ
ਅਤੇ ਆਪਣੇ ਪਿੰਡੇ 'ਤੇ
ਮਣਾਂ-ਮੂੰਹੀਂ ਉੱਨ ਦੀ
ਫ਼ਸਲ ਉਗਾਂਦੀ ਰਹਿੰਦੀ ਏ
ਫਿਰ ਇਕ ਦਿਨ
ਇਸ ਭੇਡ ਦੇ ਪਿੰਡੇ 'ਤੇ
ਬਹੁਤ ਸਾਰੀਆਂ ਰਾਜਨੀਤਕ ਪਾਰਟੀਆਂ
ਆਪਣੇ ਆਪਣੇ ਰੰਗ ਸੁੱਟਦੀਆਂ ਨੇ
ਜਦੋਂ ਕਿਸੇ ਰੰਗ ਦੀ ਅੱਚਵੀਂ
ਅਣਮੁੰਨੀ ਭੇਡ ਦੇ ਪਿੰਡੇ 'ਚੋਂ ਗੁਜ਼ਰਦੀ ਏ
ਤਾਂ ਇਹਦੇ ਲਈ ਆਪਣੀ ਉੱਨ ਦਾ ਬੋਝ
ਅਸਹਿ ਹੋ ਜਾਂਦੈ
ਇਹ ਭੇਡ ਫਿਰ ਵਾਹੋ-ਦਾਹੀ ਭੱਜਦੀ ਏ
ਚੋਣ ਬਕਸੇ ਵੱਲ
ਤੇ ਲੈ ਆਉਂਦੀ ਏ ਆਪਣੇ ਜਿਸਮ ?ਤੇ
ਮੁੰਨੇ ਗਏ ਹੋਣ ਦੀ ਸੱਨਦ-
ਇਕ ਕਾਲਾ ਟਿਮਕਣਾ
ਇਹੀ ਹੈ ਜਮਹੂਰੀਅਤ!
.....
ਰੰਗ ਬਿਰੰਗੇ ਚੋਣ-ਮੈਨੀਫੈਸਟੋ
ਪੁੱਛਦੇ ਨੇ
ਜਨਾਬ! ਜ਼ਿਬ੍ਹਾ ਹੋਣਾ ਪਸੰਦ ਕਰੋਗੇ?
ਜਾਂ ਕਤਲ ਹੋਣਾ?
ਇਸ ਮਕਤਲ ਵਿਚ ਚੋਣ
ਮਰਨ ਅਤੇ ਜਿਊਣ ਵਿਚਕਾਰ ਤਾਂ ਹੈ ਨਹੀਂ
ਆਜ਼ਾਦੀ ਹੈ ਤਾਂ ਸਿਰਫ਼
ਆਪਣੀ ਸ਼ਾਹ-ਰਗ ਨੂੰ ਕਟਵਾਣ ਲਈ
ਮਨਪਸੰਦ ਹਥਿਆਰ ਚੁਣਨ ਦੀ
ਸੱਚਮੁਚ
ਇਹੀ ਜਮਹੂਰੀਅਤ ਹੈ
.....
ਹੋਣੀਆਂ ਅਣ-ਹੋਣੀਆਂ ਦੇ
ਚਾਹੇ-ਅਣਚਾਹੇ ਜਲੂਸ ਵੇਖਦੇ
ਅਸੀਂ ਸੜਕ ਦੇ ਆਰ-ਪਾਰ ਖੜੋਤੇ
ਲੋਕ ਆਂ
ਜੇ ਕਦੇ ਹਿੱਕ ਉਤੇ
ਅੱਥਰੇ ਘੋੜਿਆਂ ਦੀਆਂ ਟਾਪਾਂ ਸੁਣਦੇ
ਅਤੇ ਕਦੇ
ਵੰਨ-ਸੁਵੰਨੇ ਨਾਅਰਿਆਂ ਦੀ
ਪੁਣ-ਛਾਣ ਕਰਦੇ ਆਂ
ਬੀਮਾਰ ਜ਼ਿਹਨੀਅਤ ਦੇ ਸ਼ਿਕਾਰ ਅਸੀਂ
ਬੈੱਡ-ਰੈਸਟ ਦੌਰਾਨ
ਕਤਲ ਤੇ ਲੁੱਟ ਦੀਆਂ ਖ਼ਬਰਾਂ ਦਾ
ਹਲਕਾ ਜਿਹਾ ਨਾਸ਼ਤਾ ਕਰਦੇ ਆਂ
ਕਦੇ ਜ਼ਿਹਨੀ ਅਤੇ ਕਦੇ ਜਿਸਮਾਨੀ ਬਲਾਤਕਾਰ ਦੇ
ਚਸ਼ਮਦੀਦ ਗਵਾਹ ਬਣਦੇ ਆਂ
ਤੇ ਸਥਿਤੀ ਵਾਂਗ
ਨਿਯੰਤਰਣ ਵਿਚ ਆ ਜਾਂਦੇ ਆਂ ਜਲਦੀ ਹੀ
ਅਤੇ ਸੌਂ ਜਾਂਦੇ ਆਂ
ਟ੍ਰੈਂਕੁਲਾਈਜ਼ਰ ਖਾ ਕੇ....
ਉਂਜ ਤਾਂ ਅਕਸਰ ਸਾਡੇ ਨੁਮਾਇੰਦਿਆਂ ਅਤੇ ਸਾਡੇ
ਵਿਚਕਾਰ
ਲੋਹੇ ਦੀਆਂ ਤਾਰਾਂ ਦਾ
ਜੰਗਲਾ ਉਸਰਿਆ ਹੁੰਦੈ
ਫੇਰ ਵੀ ਕਦੇ ਕਦੇ
ਸਾਡੇ ਪੈਰ ਮਿੱਧੇ ਹੀ ਜਾਂਦੇ ਹਨ
ਪਰ ਆਪਣੀ ਚੀਸ
ਜਲਦੀ ਹੀ ਭੁੱਲ ਜਾਂਦੇ ਆਂ ਅਸੀਂ
ਜਦੋਂ ਗੈਸ ਲੀਕ ਹੋਣ ਦੀ ਖ਼ਬਰ ਤੋਂ
ਇਕ ਦਮ ਬਾਅਦ ਅਨਾਊਂਸਰ
ਭਰਵੀਂ ਮੁਸਕਾਨ ਨਾਲ
ਮੌਸਮ ਦੀ ਜਾਣਕਾਰੀ ਦੇਂਦੈ
ਉਦੋਂ ਅਸੀਂ ਸਮਝ ਜਾਂਦੇ ਆਂ ਅਣਕਹੀ
ਕਿ ਹਥਿਆਰ ਬੀਜਣ ਲਈ
ਕਿਹੜਾ ਮੌਸਮ ਮਾਕੂਲ ਹੈ
ਕਿ ਦੇਸ ਦੇ ਕਿਹੜੇ ਕਿਹੜੇ ਹਿੱਸੇ ਵਿਚ
ਬਸੰਤ ਰੁੱਤ ਵੇਲਾ ਵਿਹਾ ਚੁੱਕੀ ਹੈ
ਕਿ ਕਤਲਾਂ ਦੀ ਉਨਤ ਫ਼ਸਲ ਤਾਂ
ਕਿਸੇ ਵੀ ਸਥਿਤੀ ਦੇ ਬੀਜ ਨੂੰ
ਕਿਸੇ ਵੀ ਧਰਤੀ 'ਤੇ ਬੀਜ ਕੇ
ਉਗਾਈ ਜਾ ਸਕਦੀ ਹੈ

ਸਾਨੂੰ ਯਾਦ ਹੈ
ਕਿ ਆਪਣੀ ਹਿੱਕ ਵਿਚ ਉਸਰੇ
ਖ਼ਾਬਾਂ ਦੇ ਵਤਨ ਦੇ
ਨਕਸ਼ੇ ਵਿਚ ਭਰਨ ਲਈ
ਰੰਗ ਤਾਂ ਚੁਣੇ ਸਨ ਅਸਾਂ
ਪਰ ਸਾਰੇ ਦੇ ਸਾਰੇ ਰੰਗ
ਮੀਂਹਾਂ ਵਿਚ ਖੁਰ ਗਏ
ਧੁੱਪਾਂ ਵਿਚ ਉਡ ਗਏ
ਅਤੇ ਫੇਰ ਸਾਡੇ ਘਰਾਂ ਦੇ ਚਿਰਾਗਾਂ ਨੂੰ
ਕਰਫਿਊ 'ਚ ਸੜਦੀ ਦੁਕਾਨ ਦਾ
ਸਰਾਪ ਲੱਗ ਗਿਆ

ਹੁਣ ਤਾਂ ਅਸੀਂ
ਅਸੀਲ ਦਰਸ਼ਕ ਅਤੇ ਖ਼ਾਮੋਸ਼ ਸਰੋਤੇ ਆਂ
ਪੰਜ ਮੀਲ ਲੰਮਾ ਇਹ ਜਲੂਸ
ਗੁਜ਼ਰ ਜਾਣ ਤਕ
ਪੰਜਾਂ ਸਾਲਾਂ ਬਾਦ ਚੁਣਾਂਗੇ
ਆਪਣੇ ਸਿਰਾਂ ਲਈ ਨਵਾਂ ਹਥਿਆਰ
ਸਾਡੇ ਸਿਰਾਂ ਨੂੰ ਗਿਣਨਗੇ ਤਾਂ ਸਹੀ ਉਹ
ਨਾ ਪਰਖਣਗੇ ਨਾ ਸਹੀ
ਸੋਚ ਪਰਖ ਤਾਂ
ਸਿਰਫਿਰਿਆਂ ਦੀ ਸਾਜ਼ਿਸ਼ ਹੁੰਦੀ ਹੈ
ਪਰ ਸਾਨੂੰ ਪਤੈ,
ਅੰਨ ਦੇ ਭੋਰਿਆਂ ਦੀ ਹਕੀਕਤ
ਹਰ ਇਜ਼ਮ ਤੋਂ ਵੱਡੀ ਹਕੀਕਤ ਏ
ਆਪਣੇ ਜ਼ਿਹਨ ਵਿਚ
ਕਦੇ ਅਸੀਂ ਵੀ ਸੁਣੀ ਸੀ
ਜ਼ਮੀਰ ਦੇ ਕੀੜੇ ਦੀ ਕੁਰਬਲ-ਕੁਰਬਲ
ਪਰ ਚੁੱਪ ਕਰ ਗਏ ਸਾਂ
ਹਕੂਮਤ ਦਾ ਛਾਂਟਾ ਖਾ ਕੇ
ਖੂੰਜੇ ਲਾਏ ਜਾਣ ਦੀ ਵਾਰਨਿੰਗ ਤੋਂ ਤ੍ਰਹਿੰਦੇ
ਸਮਝ ਗਏ ਸਾਂ
ਕਿ ਮਨੀ-ਪਲਾਂਟ 'ਤੇ ਟਿਕੇ
ਸਾਡੇ ਆਹਲਣਿਆਂ ਦੀ ਗਿਣਤੀ
ਬਸ ਮਰਦਮਸ਼ੁਮਾਰੀ ਵਿਚ ਹੀ ਆਉਂਦੀ ਏ
.....
ਅਸੀਂ ਕਤਲ ਹੋਣ ਤੇ ਕੋਹੇ ਜਾਣ ਵਿਚਕਾਰਲਾ
ਫ਼ਰਕ ਜਾਣਨ ਦਾ
ਸਿਰਫਿਰਿਆ ਯਤਨ ਕਿਉਂ ਕਰੀਏ
ਮਨੀ-ਪਲਾਂਟ ਤੇ ਵਸਦੇ-ਰਸਦੇ
ਆਪਣੇ ਆਪਣੇ ਆਲ੍ਹਣੇ ਦਾ ਮੋਹ ਹੈ ਸਾਨੂੰ
ਚੁੱਪ ਹੀ ਰਹਿ ਸਕਦੇ ਆਂ ਅਸੀਂ
ਚੁੱਪ ਰਹਾਂਗੇ
ਆਪਣੇ ਆਪਣੇ ਮੂੰਹਾਂ 'ਤੇ
ਪਰਸੈਂਟਾਂ ਦੇ ਨੰਬਰਾਂ ਵਾਲੇ ਤਾਲੇ ਲਾ ਕੇ
.....
ਕਿਹੜੇ ਇਤਿਹਾਸ
ਫੋਲੀਏ ਤੇ ਸਿਰਜੀਏ
ਖ਼ੁਦਗਰਜ਼ੀ ਦੇ
ਖੁਲ੍ਹੇ ਸਫ਼ਿਆਂ 'ਤੇ ਪੇਪਰ-ਵੇਟ
ਇਤਿਹਾਸ ਨੇ ਹੀ ਰੱਖੇ ਨੇ
ਮਜਬੂਰ ਹਾਂ ਅਸੀਂ ਮੁੜ ਮੁੜ ਕੇ
ਇਤਿਹਾਸ ਦਾ ਉਹੀ ਸਫ਼ਾ ਪੜ੍ਹਨ ਲਈ
ਇਤਿਹਾਸ ਅੱਜ ਵੀ ਉਥੇ ਖੜ੍ਹੈ
ਜਿਥੇ ਸਾਡੇ ਪੁਰਖਿਆਂ ਨੇ
ਪੇਪਰ-ਵੇਟ ਰੱਖੇ ਸਨ
ਸਾਨੂੰ ਪਤਾ ਹੀ ਹੈ
ਕਿ ਪੇਪਰ-ਵੇਟ ਹਟਾਣ ਦੀ ਕੋਸ਼ਿਸ਼ ਕਰਦੀ
ਹਰ ਜ਼ਿੱਦੀ ਹਨ੍ਹੇਰੀ ਨੂੰ
ਜਲਾਵਤਨ ਕਰ ਦਿੱਤਾ ਜਾਂਦੈ
ਤਾਂ ਹੀ ਤਾਂ ਅਸੀਂ
ਇਨ੍ਹਾਂ ਪੇਪਰ-ਵੇਟਾਂ 'ਤੇ
ਹੋਰ ਪੇਪਰ-ਵੇਟ ਰੱਖਦੇ ਰਹਿੰਦੇ ਆਂ
ਤੇ ਕਰਦੇ ਰਹਿੰਦੇ ਆਂ
ਹਕੂਮਤ ਦੇ ਪ੍ਰਤੀ
ਆਪਣੇ ਫ਼ਰਜ਼ ਦੀ ਪੂਰਤੀ
......
ਹਕੂਮਤ ਤਾਂ
ਹੋਣੀ ਤੋਂ ਵੀ ਡਾਢੀ ਹੁੰਦੀ ਏ
ਜਿਹੜੀ ਲੋਕਾਂ ਦੇ ਮੂੰਹੀਂ
ਜਬਰੀਂ ਆਪਣਾ ਲੂਣ ਸੁਟਦੀ ਏ
ਇਹ ਲੂਣ ਮੁਆਵਜ਼ਾ ਬਣ ਕੇ
ਕਦੋਂ ਕਿਸ ਦੇ ਜ਼ਖ਼ਮਾਂ 'ਤੇ ਕਿਰਦੈ
ਕੋਈ ਕੀ ਜਾਣੇ

ਨਿੱਕੇ ਲੋਕਾਂ ਲਈ
ਨਿੱਕੇ ਨਿੱਕੇ ਮੁਆਵਜ਼ੇ ਹੁੰਦੇ ਨੇ
ਤੇ ਵੱਡੀਆਂ ਵੱਡੀਆਂ ਲਾਸ਼ਾਂ ਨੂੰ ਨੁਹਾਣ ਲਈ
ਖੌਰੇ ਕਿੰਨੇ ਲੋਕਾਂ ਦਾ ਖ਼ੂਨ ਲੋੜੀਂਦਾ ਹੁੰਦੈ
ਵੱਡੇ ਲੋਕਾਂ ਦੇ ਮਾਤਮੀ ਜਲੂਸਾਂ ਵਿਚ
ਨਿੱਕੇ ਨਿੱਕੇ ਲੋਕ ਸ਼ਾਮਲ ਨਹੀਂ ਹੋ ਸਕਦੇ
ਇਸ ਲਈ ਘਰੋ-ਘਰੀ ਸ਼ਮਸ਼ਾਨ ਦੇ ਨਕਸ਼ੇ ਵਾਹੇ ਜਾਂਦੇ ਨੇ
ਇਹ ਝੂਠ ਹੈ
ਕਿ ਅੱਥਰੂਆਂ ਦਾ ਰੰਗ ਇੱਕੋ ਹੁੰਦੈ
ਵੱਡੇ ਲੋਕਾਂ ਦੀ ਸ਼ਹਾਦਤ ਤੇ ਕਿਰਦੇ ਅੱਥਰੂ
ਟੀ. ਵੀ. ਦੀ ਸਕਰੀਨ ਧੁੰਦਲਾ ਛੱਡਦੇ ਨੇ
ਪਰ ਨਿੱਕੇ ਲੋਕਾਂ ਦੇ ਮਰਨ ਤੇ
ਅੱਥਰੂ ਕੇਰਨ ਵਾਲੇ
ਬਗਾਵਤੀ ਹੋ ਨਿਬੜਦੇ ਨੇ
ਨਿੱਕੇ ਲੋਕਾਂ ਦੇ ਮਰਨ ਦਾ
ਨਿੱਕਾ ਜਿਹਾ ਜ਼ਿਕਰ
ਸਿਰਫ਼ ਇਕ ਹਿੰਦਸੇ ਰਾਹੀਂ ਹੁੰਦੈ
ਇਹ ਹਿੰਦਸਾ ਵੀ
ਹਰਜਾਨੇ ਦੀ ਰਕਮ ਦੇ ਹਿੰਦਸੇ ਸਾਹਵੇਂ
ਨਿਗੂਣਾ ਜਿਹਾ ਬੌਣਾ ਜਿਹਾ ਹੁੰਦੈ
......
ਹਿੰਦਸਾ
ਹਿੰਦੂ ਨਹੀਂ ਹੁੰਦਾ
ਸਿੱਖ ਨਹੀਂ
ਨਾ ਹੀ ਮੁਸਲਮਾਨ ਹੁੰਦੈ
ਹਿੰਦਸਾ ਤਾਂ ਬਸ ਹਿੰਦਸਾ ਹੁੰਦੈ
ਇਕ ਨਿਰੀ-ਪੁਰੀ ਵੋਟ
ਜਿਸ ਨੇ ਵਕਤ ਬੇਵਕਤ ਆਪਣੇ ਸਿਰ ਲਈ
ਹਥਿਆਰ ਚੁਣਨਾ ਹੁੰਦੈ
ਇਸ ਹਿੰਦਸੇ ਕੋਲ ਸਿਰਫ਼ ਲੱਕੜ ਦੀ ਕੁਰਸੀ ਹੁੰਦੀ ਏ
ਇਸ ਦੇ ਮੋਢੇ 'ਤੇ ਸੂਲੀ
ਪੈਰਾਂ ਵਿਚ ਬੇੜੀਆਂ
ਹੱਥਾਂ ਵਿਚ ਸਰਕਾਰੀ ਕਲਮ ਹੁੰਦੇ ਨੇ
ਇਸ ਹਿੰਦਸੇ ਨੇ
ਮੂੰਹ ਤੇ ਗਰਾਹੀ ਵਾਲਾ ਸਵਾਲ
ਨਿੱਤ ਨਿੱਤ ਹੀ ਹੱਲ ਕਰਨਾ ਹੁੰਦੈ
ਇਹ ਵੱਖਰੀ ਗੱਲ ਹੈ ਕਿ
ਕਦੇ ਕਦੇ ਤਾਂ ਇਸ ਸਵਾਲ ਦਾ ਹੱਲ
ਗੋਲ ਰੋਟੀ ਵੀ ਨਹੀਂ ਆਉਂਦਾ
ਇਸ ਹਿੰਦਸੇ ਦੇ ਦੇਸੀ-ਵਿਦੇਸੀ ਖਾਤੇ
ਪ੍ਰਾਵੀਡੈਂਟ-ਫੰਡ ਤੋਂ ਪਾਰ ਕਿਤੇ ਨਹੀਂ ਹੁੰਦੇ
ਇਹ ਹਿੰਦਸਾ ਤਾਂ ਬਸ
ਨਵੇਂ ਹਿੰਦਸੇ ਉਪਜਾਉਂਦੈ
ਵੋਟਰਾਂ ਦੇ ਹਿੰਦਸੇ ਗੁਣਾ ਕਰਦੈ
ਫੇਰ ਕਿਸੇ ਦਿਨ ਇਹ ਹਿੰਦਸਾ
ਇਕ ਵਾਧੂ ਇੰਨਕਰੀਮੈਂਟ ਲੈਣ ਦੀ ਖ਼ਾਤਰ
ਨਸਬੰਦੀ ਦੀ ਸੂਲੀ 'ਤੇ ਮਸੀਹਾ ਬਣਦੈ
ਅਤੇ ਹਕੂਮਤ ਦੇ ਨਿੱਘ ਲਈ
ਨਿੱਤ ਦਿਨ ਆਪਣੇ ਪਿੰਡੇ ?ਤੇ
ਭੇਡ ਵਾਂਗ ਉਨ ਦੀ ਫ਼ਸਲ ਉਗਾਂਦੈ

ਇਸ ਹਿੰਦਸੇ ਦੀ
ਰੀੜ੍ਹ ਦੀ ਹੱਡੀ ਕੋਈ ਨਹੀਂ ਹੁੰਦੀ
ਗੰਡੋਏ ਵਾਂਗ ਇਹ
ਲੋੜ ਪੈਣ ਤੇ ਦੂਹਰਾ ਤੀਹਰਾ ਵੀ ਹੋ ਜਾਂਦੈ
ਪਰ ਉਂਜ ਇਹ
ਆਪਣੇ ਪੈਰਾਂ ਦੁਆਲੇ ਦੀ ਭੂਰੀ ਮਿੱਟੀ ਵਿਚ
ਨਿੱਸਲ ਪਿਆ ਰਹਿੰਦੈ
ਇਹ ਗੰਡੋਆ
ਹਾਊਸ ਬਿਲਡਿੰਗ ਐਡਵਾਂਸ ਲੈ ਕੇ
ਆਪਣੇ ਸਿਰ 'ਤੇ ਛੱਤ ਉਸਾਰਦੈ
ਜਾਂ ਫਿਰ ਤਾਉਮਰ
ਸਰਕਾਰੀ ਮਕਾਨਾਂ ਦੇ ਜਾਲੇ ਲਾਹੁੰਦਾ ਰਹਿੰਦੈ
ਇਹ ਗੰਡੋਆ ਬਾਕੀ ਗੰਡੋਇਆਂ ਸੰਗ
ਪਲ ਪਲ ਚਾਹ ਪੀਂਦਾ
ਫ਼ਾਈਲਾਂ ਦੇ ਢੇਰ ਵਿਚ ਦੁਬਕਿਆ ਰਹਿੰਦੈ
ਫੇਰ ਇਕ ਦਿਨ ਜਦੋਂ
ਹਕੂਮਤ ਕਰਵਟ ਲੈਂਦੀ ਏ
ਆਪਣੇ ਨਮਕ-ਹਲਾਲਾਂ ਦੀ
ਮਰਦਮਸ਼ੁਮਾਰੀ ਕਰਦੀ ਏ
ਤੇ ਆਪਣੇ ਲੂਣ ਦੇ ਰੁਗ ਭਰ-ਭਰ
ਇਨ੍ਹਾਂ ਗੰਡੋਇਆਂ ਦੇ ਮੂੰਹ 'ਚ ਸੁਟਦੀ ਏ
ਉਦੋਂ ਇਨ੍ਹਾਂ ਦੇ ਜਿਸਮ ਦੀ ਤਾਸੀਰ
ਲੂਣ ਨਾਲ ਰਲ ਕੇ
ਫੋੜੇ ?ਚੋਂ ਨਿਕਲੀ ਪੀਕ ਵਾਂਗ
ਇਕ ਬੇਰੰਗ ਧੱਬਾ ਹੀ ਛੱਡ ਸਕਦੀ ਏ ਬਸ

ਸਰਕਾਰੀ ਹਰਜਾਨਿਆਂ ਰਾਹੀਂ ਰਹਿਮੋ-ਕਰਮ
ਗੰਡੋਇਆਂ ਦੀਆਂ ਅਗਲੀਆਂ ਨਸਲਾਂ ਨੂੰ
ਪਹੁੰਚ ਜਾਂਦੇ ਨੇ
ਫੇਰ ਉਹੋ ਕਰਮ ਤੁਰਦੈ
ਨਿੱਕੇ ਗੰਡੋਏ ਵੀ ਸਮਾਂ ਪਾ ਕੇ
ਵੋਟਰ-ਸੂਚੀਆਂ ਦੇ ਹਿੰਦਸੇ ਬਣ ਜਾਂਦੇ ਨੇ
ਲੋਕਾਂ ਦੇ ਕਹਿਣ ਦੇ ਉਲਟ
ਇਹ ਹਿੰਦਸੇ
ਨਾ ਲੁੱਟੇ ਜਾਂਦੇ ਨੇ
ਨਾ ਕੁੱਟੇ ਜਾਂਦੇ ਨੇ
ਇਹ ਗੰਡੋਏ ਤਾਂ
ਸਰਕਾਰੀ ਲੂਣ ਨਾਲ ਦਫ਼ਨ ਹੁੰਦੇ ਨੇ
ਧਰਤੀ ਫੇਰ ਵਾਹੀ ਸੰਵਾਰੀ ਜਾਂਦੀ ਏ
ਇਹ ਗੰਡੋਏ ਖ਼ਾਦ ਬਣ ਕੇ
ਹਕੂਮਤ ਦੀ ਫ਼ਸਲ ਉਗਾਂਦੇ ਨੇ
ਇਨ੍ਹਾਂ 'ਚੋਂ ਕੋਈ ਗੰਡੋਇਆ
ਕਦੇ ਸ਼ਹੀਦ ਨਹੀਂ ਅਖਵਾਂਦਾ

ਕੁਝ ਗੰਡੋਏ
ਜਿਹੜੇ ਕੁਰਸੀਆਂ ਦੀਆਂ ਲੱਤਾਂ ਉਹਲੇ
ਲੁਕ ਕੇ ਬੈਠੇ ਰਹਿੰਦੇ ਨੇ
ਬਚ ਜਾਂਦੇ ਨੇ ਖ਼ਾਦ ਬਣਨੋ
ਉਹ ਕੁਰਸੀਆਂ ਦੀ ਮਿੱਟੀ ਝਾੜਦੇ ਨੇ
ਕੁਰਸੀਆਂ ਦੀ ਜੀ-ਹਜ਼ੂਰੀ ਕਰਦੇ ਨੇ

ਹਿੰਦਸੇ ਨਿੱਤ ਹੀ ਮਰਦੇ ਰਹਿੰਦੇ ਨੇ
ਪਰ ਇਹ ਚੁੱਪ ਰਹਿੰਦੇ ਨੇ
ਦੜ ਵੱਟ ਲੈਂਦੇ ਨੇ
ਉਹਨਾਂ ਨੂੰ ਪਤਾ ਹੁੰਦੈ
ਜੇ ਉਹ ਆਪਣੇ ਡੱਕੇ ਹੰਝੂਆਂ 'ਚ ਰੁੜ੍ਹ ਗਏ
ਤਾਂ ਉਨ੍ਹਾਂ ਦੀ ਮੌਤ
ਇਕ ਹਿੰਦਸਾ ਵੀ ਨਹੀਂ ਛੱਡੇਗੀ

ਬਸ ਇੰਜ ਹੀ ਬਣਦੇ ਨੇ ਇਤਿਹਾਸ
ਸਿਰਜੇ ਜਾਂਦ ਨੇ ਲੋਕਤੰਤਰ
ਬਦਲਦੇ ਨੇ ਜੁੱਗ
ਲੋਕ
ਜਮਹੂਰੀਅਤ ਦੀ ਧੜਕਣ ਹੁੰਦੇ ਨੇ
ਉਸ ਸਾਹ ਵਰਗੇ
ਜੋ ਆਕਸੀਜਨ ਦੇ ਸਿਲੰਡਰਾਂ 'ਚ ਕੈਦ ਹੁੰਦੈ
ਜਮਹੂਰੀਅਤ ਹੰਢਾਉਂਦੇ ਲੋਕ
ਜਿਉਂਦੇ ਨੇ ਉਸ ਘੜੀ ਵਾਂਗ
ਜੋ ਚਲਦੀ ਤਾਂ ਹੈ
ਪਰ
ਪਹੁੰਚਦੀ ਕਿਤੇ ਨਹੀਂ

***