ਇਲਮ ਦਾ ਸੂਰਜ

ਇਲਮ ਨੂੰ
ਮੱਥੇ ਦੀਆਂ ਲਕੀਰਾਂ ?ਤੇ
ਜੋ ਡਿਗਰੀਆਂ ਵਾਂਗਰ
ਚਿਪਕਾ ਲੈਂਦੇ ਨੇ
ਪਰ ਚਮੜੀ ਹੇਠੋਂ
ਨਹੀਂ ਲੰਘਣ ਦੇਂਦੇ
ਉਹਨਾਂ ਦਾ
ਕਾਲਾ ਲਹੂ
ਇਲਮ ਦੀ ਰੌਸ਼ਨੀ
ਸੋਖ ਲੈਂਦੈ

ਇਹ ਲੋਕ
ਸਿਵੇ ਸੇਕਦੇ
ਰੂਹਾਂ ਖਰੀਦਦੇ
ਕਾਲੇ ਇਲਮ ਨਾਲ
ਤਦਬੀਰਾਂ ਲਿਖਦੇ ਨੇ
ਜੀਭਾਂ ਤੋਂ ਲੈ ਕੇ
ਕਲਮਾਂ ਤੀਕਰ
ਜ਼ਹਿਰ ਉਗਲਦੇ ਨੇ
ਵਹਿਸ਼ੀ ਬੂਟਾਂ ਨਾਲ
ਹਰਿਮੰਦਰ ਦੀ ਪ੍ਰਕਰਮਾ
ਮਧੋਲਦੇ ਨੇ

ਜਿਨ੍ਹਾਂ ਨੂੰ
ਮੱਠਾ ਜ਼ਹਿਰ ਦੇ ਦੇ ਕੇ
ਮਾਂਵਾਂ
ਸੁਆਂਦੀਆਂ ਰਹੀਆਂ ਹੋਣਗੀਆਂ
ਅੱਜ ਇਲਮ
ਉਹਨਾਂ ਦੇ ਲਹੂ ?ਚ ਰਲ ਕੇ
ਕਾਲਾ ਇਲਮ ਬਣ ਜਾਂਦੈ
ਇਲਮ ਦੀ ਰੌਸ਼ਨੀ
ਪਚਦੀ ਨਹੀਂ ਇਨ੍ਹਾਂ ਨੂੰ
ਇਕ ਕੁਰਸੀ 'ਤੇ ਇਹ
ਆਪਣਾ ਧੜ ਸੁਟਦੇ ਨੇ
ਦੂਜੀ ਉਤੇ ਬਾਹਾਂ ਅਤੇ ਤੀਜੀ ਉਤੇ
ਆਪਣੇ ਧੜ ਤੋਂ ਲਾਹ ਕੇ
ਲੱਤਾਂ ਰੱਖ ਲੈਂਦੇ
ਇਹ ਲੁੱਡੀਆਂ ਪਾਂਦੇ
ਅਭਿਨੰਦਨ ਕਰਵਾਂਦੇ
ਆਪਣੇ ਧੜ ਨਾਲੋਂ ਲਾਹੀਆਂ
ਬਾਹਾਂ ਨਾਲ ਬੈਸਾਖੀਆਂ ਚੁੱਕ ਚੁੱਕ ਕੇ
ਵਾਰ ਕਰਦੇ ਨੇ

ਇਹਨਾਂ ਦਾ ਕੱਦ
ਕੁਰਸੀ ਦੇ ਕੱਦ ਜਿੰਨਾ ਹੀ ਹੁੰਦੈ
ਸੂਰਜ ਤਕ ਇਨ੍ਹਾਂ ਦੀ ਪਹੁੰਚ
ਕਦੋਂ ਹੁੰਦੀ ਏ

ਸੂਰਜ ਜਦੋਂ
ਬੱਦਲਾਂ ਦੀ ਝੁੰਬ ਮਾਰ ਕੇ
ਰਾਤ ਦੀ ਸਿਆਹੀ ਘੋਲ ਕੇ
ਅੱਖਰ ਉਕਰ ਰਿਹਾ ਹੁੰਦੈ
ਇਹ ਇਸ਼ਤਿਹਾਰ ਕਢਵਾ ਦੇਂਦੇ ਨੇ
"ਸੂਰਜ ਲਾਪਤਾ ਹੈ"

ਇਨ੍ਹਾਂ ਡਕੌਤਾਂ ਨੂੰ
ਸੂਰਜ ਦੇ ਸਰਾਪੇ ਹੋਣ ਦਾ ਭਰਮ
ਪਾਲਣਾ ਹੀ ਪੈਂਦੈ
ਪਰ ਡਕੌਤਾਂ ਨੇ ਤਾਂ
ਤੁਰ ਹੀ ਜਾਣਾ ਹੁੰਦੈ
ਤੇਲ ਤਾਂਬਾ ਲੈ ਕੇ
ਬੱਦਲਾਂ ਦੇ ਉਹਲੇ 'ਚੋਂ ਸੂਰਜ
ਫੇਰ ਚਮਕ ਪੈਂਦੈ
ਸੂਰਜ ਦੀ ਕਾਹਦੀ ਗੁੰਮਨਾਮੀ?
ਸੂਰਜ ਦੇ ਕੇਹੇ ਗ੍ਰਹਿਣ?
ਜਦ ਸੂਰਜ ਇਲਮ ਦਾ
ਚਮਕਦਾ ਰਿਹੈ ਚਮਕਦਾ ਰਹੇਗਾ
ਫੇਰ ਸੂਰਜ ਨੂੰ ਕੀ ਲੋੜ ਹੈ
ਆਪਣੀ ਰੌਸ਼ਨੀ ਹੇਠ
ਦਸਤਖ਼ਤ ਕਰਨ ਦੀ
ਇਹ ਕਾਲੇ ਇਲਮਾਂ ਵਾਲੇ ਤਾਂ ਮਹਿਜ਼
ਕੰਧ-ਕੌਲੇ ਹੁੰਦੇ ਨੇ
ਇਲਮ ਦੇ ਸੂਰਜ ਦੀ ਰੌਸ਼ਨੀ

ਕਿਸੇ ਕੰਧ-ਕੌਲੇ ਤੋਂ ਰੁਕਦੀ ਨਹੀਂ ਵੇਖੀ