ਮੈਂ ਹਾਂ ਯੂਨੀਵਰਸਿਟੀ

ਇਹ ਤਾਂ
ਅੰਦਾਜ਼ ਦੀ ਗੱਲ ਹੈ
ਜਾਂ ਕਰਮ ਦੀ
ਕਿ ਦੁੱਧ ਤੋਂ
ਖੋਆ, ਪਨੀਰ
ਕੁਝ ਵੀ ਬਣ ਸਕਦੈ
ਜਾਂ ਸਿਰਫ਼
ਦੁੱਧ
ਪਤੀਲੇ ਨਾਲ ਲਗ ਕੇ ਸੜ ਜਾਂਦੈ
ਮੈਂ
ਆਪਣੇ ਅਹਾਤੇ ਦੀ
ਲਟ-ਲਟ ਬਲਦੀ ਅੱਗ 'ਤੇ ਵਾਪਰਦੇ
ਦੋਵੇਂ ਹੀ ਕਰਮ ਦੇਖਦੀ ਹਾਂ ਚੁੱਪ-ਚਾਪ
ਸ਼ਫ਼ਾਫ਼ ਦੁੱਧ ਦਾ ਤਾਂ ਕੋਈ ਕਸੂਰ ਨਹੀਂ ਹੁੰਦਾ
ਇਹ ਤਾਂ
ਇਲਮ ਅਤੇ ਕਾਲੇ ਇਲਮ ਵਿਚਕਾਰਲੀ ਲਕੀਰ ਏ
ਜਿਹੜੀ ਬੇਇੰਤਹਾ ਸਮਰੱਥਾ ਵਾਲੇ ਦੁੱਧ ਨੂੰ
ਕਾੜ੍ਹ ਕਾੜ੍ਹ ਕੇ ਸਾੜ ਦੇਂਦੀ ਏ
ਤੇ ਇਸੇ ਸੜਦੇ ਦੁੱਧ ਦੀ ਹਮਕ
ਕਾਫ਼ੀ-ਹਾਊਸ ਦੀਆਂ
ਗੋਲਧਾਰੇ ਵਿਚ ਸਜੀਆਂ ਕੁਰਸੀਆਂ ਤੋਂ ਉਠ ਕੇ
ਲਾਇਬ੍ਰੇਰੀ ਦੀਆਂ ਸ਼ੈਲਫ਼ਾਂ ਵਿਚ ਵਸਦੀਆਂ
ਸਿਉਂਕਾਂ ਦੇ ਕੰਮ ਦੀ ਚੀਜ਼ ਬਣਦੀ ਏ
...
ਡਿਗਰੀਆਂ ਦੇ ਓਵਰਕੋਟਾਂ ਦੇ ਓਹਲੇ ਵਿਚ
ਜ਼ਿਹਨ ਦੇ ਲੰਗਾਰ ਲੁਕਾਈ ਰੱਖਦੇ ਨੇ
ਆਦਰਸ਼ਾਂ ਦੇ ਕਿੰਨੇ ਹੀ ਨੁਮਾਇੰਦੇ
ਲਗਦੈ ਕਿਸੇ ਦਿਨ ਇਨ੍ਹਾਂ ਦੀ ਗਿਣਤੀ
ਏਨੇ ਹਿੰਦਸੇ ਪਾਰ ਕਰ ਜਾਵੇਗੀ
ਕਿ ਇਨ੍ਹਾਂ ਦੇ ਬਹਿਣ ਲਈ
ਕੁਰਸੀਆਂ ਤਾਂ ਕੀ
ਇੱਟਾਂ ਵੀ ਘੱਟ ਰਹਿਣਗੀਆਂ
ਇਨ੍ਹਾਂ ਨੁਮਾਇੰਦਿਆਂ ਨੂੰ
ਨਿੱਤ ਹੀ ਦੇਖਦੀ ਰਹਿੰਦੀ ਹਾਂ ਮੈਂ
ਉਗਲੇ-ਚਗਲੇ ਵਿਚਾਰਾਂ ਦੀ ਜੁਗਾਲੀ ਕਰਦੇ
ਤੇ ਇਕ ਦੂਜੇ ਉਤੇ
ਆਲੋਚਨਾਵਾਂ ਦੀ ਝੱਗ ਸੁਟਦੇ ਹੋਏ
ਇਨ੍ਹਾਂ ਬੁਲਾਰਿਆਂ ਦੇ
ਸਰੋਤੇ ਕੋਈ ਨਹੀਂ ਹੁੰਦੇ
ਤਾਂ ਹੀ ਤਾਂ ਇਹ
ਅਪਣੀ ਅਪਣੀ ਕਿਸਮ ਦੀ
ਜੁਗਾਲੀ ਕਰਨ ਮਗਰੋਂ ਵੀ
ਸਟੇਜ ਨਹੀਂ ਛੱਡਣੀ ਚਾਹੁੰਦੇ ਹੁੰਦੇ
ਕੁਝ ਨੁਮਾਇੰਦੇ
ਜਿਹੜੇ ਨੁਮਾਇੰਦਿਆਂ ਦੇ ਵੀ ਨੁਮਾਇੰਦੇ ਹੁੰਦੇ ਨੇ
ਬਣ ਜਾਂਦੇ ਨੇ ਰਿਮੋਟ ਕੰਟਰੋਲ
. . . .
ਅੰਬਰ ਵਰਗੀ ਮੇਰੀ ਧਰਤੀ 'ਤੇ
ਇਕ ਨਿਰੰਤਰ ਪਰਵਾਜ਼ ਚਲਦੀ ਰਹਿੰਦੀ ਏ
ਕੁਝ ਪੰਛੀ ਤਾਂ ਪਹਿਲੀ ਵੇਰ ਉਡਣ ਲੱਗਿਆਂ ਹੀ
ਐਂਟੀਨਿਆਂ ਨਾਲ ਟਕਰਾ ਕੇ ਡਿੱਗ ਪੈਂਦੇ ਨੇ
ਤੇ ਮੁੜ ਉਠਣ ਜੋਗੇ ਹੀ ਨਹੀਂ ਰਹਿੰਦੇ
ਕੁਝ ਕੁ ਪਰ ਇਕ-ਅੱਧ ਖੰਭ ਟੁੱਟਣ ਦੀ
ਪਰਵਾਹ ਹੀ ਨਹੀਂ ਕਰਦੇ
ਕਈ ਚਿੜੀਆਂ ਤਾਂਠ ਮੈਂ ਵੇਖਿਐ
ਐਂਟੀਨਿਆਂ 'ਤੇ ਹੀ ਆਹਲਣੇ ਪਾ ਲੈਂਦੀਆਂ ਨੇ
ਵਾਦਾਂ ਦੀ ਚੋਗ ਚੁਗਦੇ-ਚੁਗਦੇ
ਇਹ ਸਾਰੇ ਹੀ
ਇਕ ਦੂਜੇ ਨੂੰ ਠੂੰਗੇ ਮਾਰਦੇ ਨੇ
ਧਮਕਾਂਦੇ, ਪੁਚਕਾਰਦੇ ਨੇ

ਫੇਰ ਤੁਰਦਾ ਹੈ
ਸਿਉਂਕਾਂ ਲਈ ਖਾਜਾ ਸਿਰਜਣ ਦਾ ਸਿਲਸਿਲਾ
ਨਿੱਤ ਇੱਥੇ ਨਸਲਕਸ਼ੀ ਹੁੰਦੀ ਏ
ਨਿੱਤ ਨਵੇਂ ਢੰਗ ਦੀ ਖਾਦ ਬਣਦੀ ਏ
ਲੋਕ ਖਾਦ, ਖ਼ਰੀਦਦੇ, ਵਰਤਦੇ ਨੇ
ਆਪਣਿਆਂ ਦੇ ਥੀਸਿਸ ਫੋਟੋਸਟੇਟ ਕਰਵਾਂਦੇ ਨੇ
ਤੇ....'ਰਿਸਰਚ? ਕਰਦੇ ਨੇ!
ਉਂਜ ਤਾਂ ਇਨ੍ਹਾਂ ਖਾਦਾਂ ਨਾਲ
ਬੇਇੰਤਹਾ ਥੀਸਿਸ ਉਗਾਏ ਜਾਂਦੇ ਨੇ
ਕਦੇ ਕਦੇ ਪਰ, ਕਿਸੇ ਖ਼ਾਸ ਕਿਸਮ ਦੀ ਨਸਲਕਸ਼ੀ
ਰਿਮੋਟ ਕੰਟਰੋਲਰਾਂ ਦੇ ਮਨ ਨੂੰ ਨਹੀਂ ਭਾਉਂਦੀ
ਉਦੋਂ "ਸੁਧਾਰ"  ਹੁੰਦੇ ਨੇ ਥੀਸਿਸ ਵਿਚ
ਨਿਹਾਇਤ ?ਨਿਜੀ? ਕਿਸਮ ਦੇ ਸੁਧਾਰ
ਮੈਂ ਤਾਂ ਉਦੋਂ ਬੱਸ
ਸੁਧਾਰ-ਘਰ ਬਣ ਕੇ ਰਹਿ ਜਾਂਦੀ ਹਾਂ!

.... ਤੇ ਉਦੋਂ ਵੀ-
ਜਦੋਂ ਮੇਰੇ ਕੈਂਪਸ ਅੰਦਰ
ਵਕਤ ਬੇਵਕਤ
ਸੁਧਾਰਵਾਦੀ ਲਹਿਰਾਂ ਜਨਮਦੀਆਂ ਨੇ
ਉਦੋਂ ਕੁਰਸੀਆਂ ਦੇ ਜੋੜ-ਮੇਲ ਵਿਚ
ਨੁਮਾਇੰਦੇ ਫੇਰ ਮਿਲਦੇ ਨੇ
ਜੁਗਾਲੀ ਕਰਦੇ ਨੇ
ਕਾਹਵਾ ਪੀਂਦੇ ਨੇ
ਸੱਤ ਸਵਾਦਾਂ ਵਾਲੇ ਭੋਜਨ ਖਾਂਦੇ ਨੇ
ਤੇ ਇਕ ਦੂਜੇ ਉਤੇ ਚੂਲੀਆਂ ਕਰਦੇ ਕਰਦੇ
ਤੁਰ ਜਾਂਦੇ ਨੇ ਅਪਣੇ ਅਪਣੇ ਫਲੈਟਾਂ ਵਿਚ
ਬੇਸੁਧਰੇ ਹੀ
ਉਹਨਾਂ ਪਲਾਂ ਤੋਂ ਬਾਦ
ਇਕ ਵਾਰੀ ਤਾਂ ਮੈਨੂੰ ਆਪਣਾ ਆਪ
ਵਰਤੇ ਗਏ ਟਿਸ਼ੂ ਪੇਪਰ ਜਿਹਾ ਜਾਪਦਾ ਏ
....
ਮੇਰੀ ਹੋਂਦ ਦਾ ਇਕ ਅਹਿਮ ਹਿੱਸਾ
ਜਿਸ ਨੂੰ ਪਤਾ ਨਹੀਂ ਕਿਉਂ
ਲਾਇਬ੍ਰੇਰੀ ਕਹਿੰਦੇ ਨੇ-
ਕੁੜੀਆਂ ਮੁੰਡਿਆਂ ਨੂੰ ਹੱਥਛੇੜ ਕਰਨ ਲਈ
ਬੜੀ ਮਾਕੂਲ ਜਗ੍ਹਾ ਲਗਦੀ ਏ
ਉਥੇ, ਜਿੱਥੇ ਪੜ੍ਹਾਈ ਤੋਂ ਬਿਨਾਂ
ਸਭ ਕੁਝ ਹੁੰਦੈ
ਕਦੇ ਕਦੇ ਕੋਈ
ਨੀਮ-ਕਮਲਾ
ਮਿੱਟੀ ਫਰੋਲ ਫਰੋਲ ਕੇ
ਗੁਆਚੇ ਲਾਲ ਲੱਭਦਾ
ਦਿਸ ਹੀ ਪੈਂਦੇ ਮੈਨੂੰ
ਮੈਂ ਹੱਸ ਪੈਂਦੀ ਆਂ
ਮੇਰੀਆਂ ਕੰਧਾਂ
ਠਹਾਕੇ ਮਾਰਦੀਆਂ ਨੇ
ਉਸ ਜੋਗੀ ਨੂੰ ਦੇਖ ਕੇ
ਮੇਰੀਆਂ ਜੂਹਾਂ ਗਵਾਹ ਨੇ
ਇਸ ਨੀਲਾਮ-ਘਰ ਵਿਚੋਂ
ਕਈ ਤੁਰ ਗਏ ਨੀਲਮ ਲੱਭ ਕੇ
ਚਾਰ ਪਲ ਉਹ ਇਤਰਾਂਦੇ ਰਹੇ
ਨੀਲਮ ਨੂੰ ਮੋਢੇ ਨਾਲ ਬੰਨ੍ਹ ਕੇ
ਪਰ ਪੰਜਵੇਂ ਹੀ ਪਲ
ਉਹਨਾਂ ਦੇ ਮੋਢੇ ਨਾਲ ਬੰਨ੍ਹਿਆ ਨੀਲਮ
ਭੁੱਖ ਦਾ ਪ੍ਰੇਤ ਬਣ ਕੇ
ਉਹਨਾਂ ਦੇ ਸੁਪਨੇ ਕੋਂਹਦਾ ਰਿਹਾ
ਉਹ ਕਰਾਹੁੰਦੇ ਰਹੇ, ਜੂਝਦੇ ਰਹੇ
ਫੇਰ ਉਹਨਾਂ 'ਚੋਂ ਕਿੰਨੇ ਹੀ ਸਰਕ ਆਏ
ਰਿਮੋਟ ਕੰਟਰੋਲ ਦੀ ਸੀਮਾ ਅੰਦਰ
ਜਿਹੜੇ ਬਚ ਗਏ ਹੋਣਗੇ ਇਹ ਲਕੀਰ ਉਲੰਘਣੋਂ
ਵਕਤ ਕਦੋਂ ਯਾਦ ਰੱਖਦੈ ਉਹਨਾਂ ਨੂੰ!

ਜੇ ਬੁੱਧ ਮੁੜ ਕੇ ਇਸ ਦੁਨੀਆਂ ਵਿਚ ਆਉਂਦਾ
ਤਾਂ ਕਿਤਾਬਾਂ ਨਾਲ ਲੱਦੇ ਮੇਰੇ ਪਾੜ੍ਹਿਆਂ ਨੂੰ ਦੇਖ ਕੇ
ਉਹਨੇ ਪੁੱਠੇ-ਪੈਰੀਂ ਮੁੜ ਜਾਣਾ ਸੀ
ਤੇ ਬੋਧੀ ਬਿਰਖ ਹੇਠ ਪਹੁੰਚ ਕੇ ਹੀ ਦਮ ਲੈਣਾ ਸੀ. . .

ਕਿਹੋ ਜਿਹਾ ਹਸਪਤਾਲ ਹਾਂ ਮੈਂ
ਜਿੱਥੇ ਬੀਮਾਰਾਂ ਨੂੰ "ਡਾਕਟਰ" ਕਹਿੰਦੇ ਨੇ
ਜਿੱਥੇ "ਬੁੱਧੀਜੀਵੀਆਂ" ਨੂੰ "ਬੰਦੇ"
ਕੀੜਿਆਂ ਜਿਹੇ ਨਿਗੂਣੇ ਜਾਪਦੇ ਨੇ
ਉਡਦੇ ਜਹਾਜ਼ਾਂ 'ਚ ਅਹਿਲ ਬੈਠੇ ਇਹ ਬੁੱਧੀਜੀਵੀ
ਉਡਣ ਦੇ ਅਹਿਸਾਸ 'ਚ ਚੂਰ ਹੁੰਦੇ ਨੇ
ਇਨ੍ਹਾਂ "ਉਡਣ ਵਾਲਿਆਂ" ਦੇ ਚਿਹਰਿਆਂ 'ਤੇ
ਇਲਮ ਦਾ ਸਰੂਰ ਹੁੰਦੈ
ਜਾਂ ਕਾਲੇ ਇਲਮ ਦਾ ਨੂਰ
ਇਹ ਬੁੱਧੀਜੀਵੀ
"ਝੋਲਾ-ਚੁੱਕ" ਅਖਵਾਂਦੇ ਅਖਵਾਂਦੇ
ਕਦੋਂ ਤੇ ਕਿਵੇਂ
"ਝੋਲੀ-ਚੁੱਕ" ਬਣ ਜਾਂਦੇ ਨੇ
ਇੰਨਾ ਤਾਂ ਮੈਨੂੰ ਵੀ ਪਤਾ ਨਹੀਂ ਲਗਦਾ
. . . . .
ਇਤਿਹਾਸ
ਇੱਥੇ ਰੋਜ਼ ਪੜ੍ਹੇ ਜਾਂਦੇ
ਤੇ ਰੋਜ਼ ਪਾੜੇ ਜਾਂਦੇ ਨੇ
ਇਸ ਖ਼ੁਸ਼ਕ ਝਨਾਂ ਦੇ ਵਹਿਣ ਵਿਚ
ਕਿੰਨੇ ਹੀ ਕੱਚੇ ਘੜੇ ਖੁਰਦੇ ਨੇ
ਤੇ ਕਿੰਨੇ ਹੀ ਪੱਕੇ ਤਰਦੇ ਨੇ
ਪਰ ਇਹ ਸਾਰੇ ਦੇ ਸਾਰੇ
ਉਹਨਾਂ ਅੱਗ-ਬੁਝਾਊ ਜੰਤਰਾਂ ਵਰਗੇ ਹੁੰਦੇ ਨੇ
ਜਿਹੜੇ ਅੱਗ-ਬੁਝਾਣ ਦਾ ਲਾਰਾ ਲਾ ਕੇ
ਆਪਣੀ ਆਪਣੀ ਥਾਂ 'ਤੇ
ਅਹਿਲ ਖਲੋਤੇ ਦਿੱਸਦੇ ਰਹਿੰਦੇ ਨੇ
ਇਨ੍ਹਾਂ ਪਲਾਂ ਦਾ ਇਤਿਹਾਸ
ਕਿਧਰੇ ਨਹੀਂ ਲਿਖਿਆ ਜਾਂਦਾ
ਸਿਰਫ਼ ਕੰਧਾਂ 'ਤੇ ਨਾਅਰੇ ਲਿਖੇ ਜਾਂਦੇ ਨੇ
.....
ਮੇਰੇ ਪਾੜ੍ਹੇ
ਮਾਪਿਆਂ ਦੀ ਦੁਨੀਆਂ ਤੋਂ
ਕਿੰਨੇ ਹੀ ਅੱਗੇ ਸਰਕ ਜਾਂਦੇ ਨੇ
ਜਦੋਂ ਉਹ ਮੇਰੇ ਅਹਾਤੇ ਵਿਚ
ਲੋਕਾਂ ਦੇ ਥੀਸਿਸ ਫੋਟੋ-ਸਟੈਟ ਕਰਵਾ ਕੇ ਵਰਤਦੇ ਨੇ
ਲਾਇਬ੍ਰੇਰੀ ਦੀਆਂ ਕਿਤਾਬਾਂ 'ਚੋਂ ਪਰਚੀਆਂ ਫਾੜਦੇ ਨੇ
ਤੇ ਹੋਰ ਕਿੰਨਾ ਹੀ ਕੁਝ ਕਰਦੇ ਨੇ
ਅਪਣੇ ਲਿਆਕਤ ਦੇ ਖਾਲੀ ਚੈੱਕਾਂ ਵਿਚ
ਮਨਚਾਹੀ ਰਕਮ ਭਰ ਕੇ ਕੈਸ਼ ਕਰਵਾਣ ਲਈ

ਮੇਰੇ ਪਾੜ੍ਹੇ
ਮੇਰਾ ਮੁਸਤਕਬਿਲ ਜਾਣਦੇ ਨੇ
ਕਿ "ਪਾਸਟ" "ਪਰਫੈਕਟ" ਹੋ ਚੁੱਕਾ
ਤੇ "ਫਿਊਚਰ" "ਇਨਡੈਫੀਨੇਟ" ਹੈ
ਇਸੇ ਲਈ ਤਾਂ ਸਭ ਕੁਝ ਕਰ ਰਹੇ ਨੇ ਉਹ
"ਪਰੈਜ਼ੈਂਟ" ਨੂੰ "ਕਾਂਟੀਨਿਊਜ਼" ਸੋਚ ਜਾਣ ਕੇ
ਜਾਣਦੇ ਹੀ ਹੋਣੇ ਨੇ ਉਹ
ਕਿ ਮਿੱਟੀ ਵਿਚ ਲਿਬੜੇ ਹੱਥਾਂ ਪੈਰਾਂ ਨੂੰ
ਲਾਲ ਕਿਹੜੇ ਥਿਆਉਣੇ ਨੇ ਹੁਣ
(ਲਾਲ ਤਾਂ ਖੌਰੇ ਗਵਾਚੇ ਹੀ ਨਹੀਂ ਸਨ ਉਹਨਾਂ ਤੋਂ)
ਤਾਂ ਹੀ ਤਾਂ ਬੇਮਤਲਬ ਘਾਹ ਦੀਆਂ ਤਿੜ੍ਹਾਂ ਨਾਲ
ਮੱਥਾ ਨਹੀਂ ਮਾਰਦੇ ਉਹ

ਮੈਂ ਵੀ ਤਾਂ ਜਾਣਦੀ ਆਂ
ਪੈੜਾਂ 'ਚੋਂ ਨੁਹਾਰ ਲੱਭਣ ਲਈ
ਲੋੜ ਹੁੰਦੀ ਹੈ ਨਜ਼ਰ ਦੀ, ਨੁਕਤਾ-ਨਜ਼ਰ ਦੀ
ਪਰ ਕੀ ਦੇਂਦੀਆਂ ਨੇ ਉਹਨਾਂ ਨੂੰ ਮੇਰੀਆਂ ਜੂਹਾਂ
"ਫਿਊਚਰ ਇਨਡੈਫੀਨੇਟ" ਦੀ ਚਿਤਾਵਨੀ?
ਫਿਰ ਕਿਉਂ ਨਾ ਕੈਸ਼ ਕਰਵਾਣ ਉਹ
ਅਪਣੇ "ਪਰੈਜ਼ੈਂਟ ਕਾਂਟੀਨਿਊਜ਼" ਨੂੰ
......
ਮੈਂ ਮੰਨਦੀ ਆਂ
ਇਲਮ ਦੀ ਮੰਜ਼ਿਲ ਨੂੰ
ਕੋਈ ਪਗਡੰਡੀ ਨਹੀਂ ਜਾਂਦੀ
ਮੈਂ ਦੋਸ਼ ਨਹੀਂ ਦੇਂਦੀ ਪਾੜ੍ਹਿਆਂ ਨੂੰ
ਭਵਿੱਖ ਦਾ ਬਦਨੁਮਾ ਚਿਹਰਾ
ਸਾਫ਼ ਦਿਸ ਰਿਹੈ ਜਿੰਨ੍ਹਾਂ ਨੂੰ
ਹਰ ਸੂਰਜ ਉਨ੍ਹਾਂ ਦੀ ਜੋਬਨ-ਰੁੱਤ ਦਾ
ਅਖ਼ਬਾਰ ਦੇ "ਵਾਂਟਿਡ" ਕਾਲਮ ਤੋਂ ਉਦੈ ਹੁੰਦਾ
ਸੱਠਾਂ ਰੁਪਿਆਂ ਦੇ ਪੋਸਟਲ ਆਰਡਰ ਤੋਂ ਲੈ ਕੇ
ਤੇਈ ਗੁਣਾਂ ਦਸ ਦੇ ਟਿਕਟ ਲੱਗੇ ਲਿਫ਼ਾਫਿਆਂ ਤੱਕ ਦਾ
ਪੈਂਡਾ ਤੈਅ ਕਰਕੇ
ਸ਼ਰਮਿੰਦਾ ਜਿਹਾ ਹੋ ਕੇ ਅਸਤ ਹੋ ਜਾਂਦੈ
ਇਹ ਚੱਕਰਵਿਊ ਨਹੀਂ ਹੁੰਦਾ ਮਹਿਜ਼
ਹਰ ਨਾਕਾਮੀ ਨਾਲ ਕੈਲੰਡਰ 'ਚੋਂ
ਇਕ ਤਰੀਕ ਝੜਨ ਦਾ ਅਹਿਸਾਸ ਹੁੰਦੈ ਇਹ

ਮੈਂ ਜਾਣਦੀ ਆਂ
ਮੈਂ ਅਸਮਰੱਥ ਹਾਂ
ਇਨ੍ਹਾਂ ਪਾੜ੍ਹਿਆਂ ਦੀ ਲਿਆਕਤ ਦੀਆਂ ਕਰੋੜਾਂ ਸਿਫ਼ਰਾਂ
ਮੂਹਰੇ
ਇਕ-ਤੇ ਸਿਰਫ਼ ਇਕ
ਇਕਾਈ ਲਿਖਣ ਦੇ
ਮੈਂ ਇਹ ਵੀ ਨਹੀਂ ਕਹਿੰਦੀ
ਕਿ ਜ਼ਿੰਦਗੀ ਬਣ ਜਾਵੇ
ਇਕ ਟੇਪ-ਰਿਕਾਰਡਰ
ਜਿੱਥੇ ਸਫ਼ਲਤਾ ਦੀ ਧੁਨ
ਇਕਸਾਰ, ਬੇਸੁਰ ਵਜਦੀ ਰਹੇ
ਪਰ ਮੈਂ ਉਡੀਕ ਕੀਤੀ ਏ
ਯੁਗਾਂ ਯੁਗਾਂਤਰਾਂ ਤੋਂ ਉਡੀਕ ਕੀਤੀ ਏ
ਕਿ ਇਸ ਰੇਡੀਓ 'ਤੇ
ਕਦੇ ਤਾਂ ਕੋਈ ਖ਼ੁਸ਼ਨੁਮਾ ਪ੍ਰਸਾਰਨ ਹੋਵੇ
ਮੈਂ ਇਸ ਰੇਡੀਓ ਸਾਹਮਣੇ ਖੜੋਤੀ ਹਾਂ
ਤੇ ਖੜ੍ਹੀ ਖੜੋਤੀ ਨਿੱਘਰ ਰਹੀ ਹਾਂ
ਮੈਨੂੰ ਸੰਗ ਨਹੀਂ ਗਿਲਾਨੀ ਆਉਂਦੀ ਏ
ਕਿ ਜਿਹੜੇ ਸ਼ਾਸਤਰ ਪੜ੍ਹਦੇ ਨੇ
ਜਿਹੜੇ ਸ਼ਸਤਰ ਫੜਦੇ ਨੇ
ਮੈਂ ਉਹਨਾਂ "ਭਟਕਦੀਆਂ" ਜਵਾਨੀਆਂ ਨੂੰ
ਕਿਹੜੀ "ਸੇਧ" ਦੇਵਾਂ?
ਮੈਂ ਤਾਂ ਉਹ ਇਮਾਰਤ ਹਾਂ
ਜਿਹੜੀ ਤੁਰ ਨਹੀਂ ਸਕਦੀ
ਮਿਸਲਾਂ ਦੀਆਂ ਬੈਸਾਖੀਆਂ ਬਿਨਾਂ
ਮੈਂ ਕਿਹੜੇ ਰਾਹ ਪਾਵਾਂ ਇਨ੍ਹਾਂ ਰਾਹੀਆਂ ਨੂੰ
ਮੇਰੇ ਨਕਸ਼ੇ ਵਿਚ ਬਣਨ ਵਾਲੇ
ਸਾਰੇ ਦੇ ਸਾਰੇ ਦਿਸ਼ਾ-ਸੂਚਕ ਤਾਂ
ਚੋਰੀ ਹੋ ਗਏ ਸਨ

ਨਕਸ਼ਾ-ਨਵੀਸ ਦੀ ਕਲਮ ਵਿਚੋਂ ਹੀ