ਸਿਆਹ ਸੁਰਖ਼ੀਆਂ

ਆ ਸੱਜਣਾ! ਗਲ ਲੱਗ ਰੋ ਲਈਏ
ਭਲ੍ਹਕੇ ਖੌਰੇ ਮੈਂ ਮਰ ਜਾਣਾ
ਆ ਸੱਜਣਾ! ਆ ਰਲ ਕੇ ਬਹੀਏ
ਭਲ੍ਹਕੇ ਖੌਰੇ ਤੂੰ ਮਰ ਜਾਣਾ

ਅੱਜ ਕੱਲ੍ਹ ਸੱਜਣਾ ਏਸ ਗਰਾਂ ਵਿਚ
ਕੱਲ੍ਹ ਦੇ ਦਿਨ ਦਾ ਨਹੀਂ ਇਤਬਾਰ
ਰੋਜ਼ ਸੈਆਂ ਕਤਲਾਂ ਦੀਆਂ ਖ਼ਬਰਾਂ
ਢੋਹ ਕੋ ਲੈ ਆਵੇ ਅਖ਼ਬਾਰ

ਅੱਜ ਕੱਲ੍ਹ ਏਸ ਕੁਸ਼ਗਨੀ ਰੁੱਤੇ
ਫੱਟੀਆਂ ਕੰਨੀਆਂ ਵਾਲੇ ਰੁੱਕੇ
ਸਰਘੀ ਵੇਲੇ ਏਸ ਗਰਾਂ ਵਿਚ
ਸੁੱਟ ਜਾਂਦੇ ਨੇ ਕਾਂ ਖੰਭ-ਖੁੱਥੇ

ਅੱਜ ਦਾ ਸੂਰਜ ਛਿਪਣ ਤੋਂ ਮਗਰੋਂ
ਕੱਲ੍ਹ ਦਾ ਸੂਰਜ ਚੜ੍ਹਨ ਤੋਂ ਪਹਿਲਾਂ
ਖ਼ਬਰ ਦਾ ਹਿੰਦਸਾ ਬਣ ਨਾ ਜਾਈਏ
ਏਸ ਨਜ਼ਮ ਨੂੰ ਪੜ੍ਹਨ ਤੋਂ ਪਹਿਲਾਂ

ਅਖ਼ਬਾਰਾਂ ਦੇ ਹਿੰਦਸੇ ਵੀ ਤਾਂ
ਸੱਚ ਕਹਿਣ ਤੋਂ ਡਰ ਜਾਂਦੇ ਨੇ
ਰੋਜ਼ ਤੇਰੇ ਤੇ ਮੇਰੇ ਵਰਗੇ
ਬੇਖ਼ਬਰੇ ਹੀ ਮਰ ਜਾਂਦੇ ਨੇ
ਕੌਣ ਸੁਣੇਗਾ ਤੇਰੀ ਵੇਦਨ
ਕੌਣ ਪੜ੍ਹੇਗਾ ਮੇਰੇ ਬੋਲ
ਕੱਲ੍ਹ ਦੀ ਸਰਘੀ ਕੱਲ੍ਹ ਦਾ ਸੂਰਜ

ਗਿਰਵੀਂ ਪਏ ਨੇ ਵਹਿਸ਼ਤ ਕੋਲ