ਏਸ ਗਰਾਂ ਵਿਚ

ਨਿੱਕੇ ਹੁੰਦੇ ਸੁਣਦੇ ਸਾਂ
ਇਕ ਮਾਈ ਚੰਨ ਵਿਚ ਰਹਿੰਦੀ ਹੈ
ਧਰਤ-ਪੁੱਤਾਂ ਨੂੰ ਮੋਹ ਨਾਲ ਤੱਕਦੀ
ਚਰਖਾ ਕੱਤਦੀ ਰਹਿੰਦੀ ਹੈ

ਏਸ ਗਰਾਂ ਦੇ ਪੁੱਤਰਾਂ ਨੂੰ ਪਰ
ਬੇਕਫ਼ਨੇ ਮਰ ਜਾਂਦੇ ਸੁਣਿਆ
ਬਾਤਾਂ ਵਾਲੀ ਮਾਈ ਨੇ ਕੀ
ਏਨਾ ਸੂਤ ਵੀ ਨਹੀਂ ਸੀ ਬੁਣੀਆ

ਭੁੱਲ-ਭੁਲੇਖੇ ਭੈਣਾਂ ਨੇ ਜਦ
ਵੀਰਵਾਰ ਨੂੰ ਸਿਰ ਸੀ ਨ੍ਹਾਏ
ਤਾਈਓਂ ਹੀ ਤਾਂ ਵੀਰ ਕਿਸੇ ਦੇ
ਮੁੜ ਕੇ ਆਪਣੇ ਵਤਨ ਨਾ ਆਏ

ਸੱਗੀ ਫੁੱਲਾਂ ਦੇ ਲਾਰੇ ਲਾ
ਘਰੋਂ ਤੁਰੇ ਸੀ ਮਾਹੀ ਸਭ ਦੇ
ਪਰ ਹੁਣ ਫੁੱਲ ਉਨ੍ਹਾਂ ਰਾਹੀਆਂ ਦੇ
ਸਿਵਿਆਂ ਵਿਚੋਂ ਵੀ ਨਹੀਂ ਲੱਭਦੇ

ਬਦਬਖ਼ਤਾਂ ਦੇ ਲਾਲ ਗਵਾਚਣ
ਖਾਜ ਉਠੇ ਜਦ ਸੱਜੇ ਹੱਥ 'ਤੇ
ਹਰਜਾਨੇ ਦੀ ਰਕਮ ਉਸੇ ਪਲ
ਧੁੱਖ ਪੈਂਦੀ ਹੈ ਖੱਬੇ ਹੱਥ 'ਤੇ

ਸੋਹਣੇ ਫੁੱਲਾਂ ਦੀ ਰਾਖੀ ਲਈ
ਖਾਕੀ ਵਾੜ ਅਸਾਂ ਸੀ ਕੀਤੀ
ਪਰ ਕੀ ਦੱਸਾਂ, ਕੀਕਣ ਦੱਸਾਂ
ਕੀ ਇਹਨਾਂ ਫੁੱਲਾਂ 'ਤੇ ਬੀਤੀ

ਏਸ ਗਰਾਂ ਦੇ ਰਾਜੇ, ਟੂਣੇ
ਵਿਚ ਚੁਰੱਸਤੇ ਧਰ ਜਾਂਦੇ ਨੇ
ਏਸ ਗਰਾਂ ਦੇ ਚੰਨ ਜਿਹੇ ਪੁੱਤਰ
ਵਿਚ ਰੋਹੀਆਂ ਦੇ ਮਰ ਜਾਂਦੇ ਨੇ

ਖੇਤਾਂ ਦੇ ਵਿਚ ਖਾਕੀ ਡਰਨੇ
ਆਪ-ਮੁਹਾਰੇ ਉਗ ਪਏ ਨੇ
ਜਿਨ੍ਹਾਂ ਹੁਕਮ ਰਾਖੇ ਦਾ ਮੰਨ ਕੇ
ਲਹਿਰਾਉਂਦੇ ਫੁੱਲ ਚੁਗ ਲਏ ਨੇ

ਮੌਤ ਬਣੀ ਹੈ ਅੱਗ ਜੰਗਲ ਦੀ
ਸਾੜ੍ਹ-ਸਤੀ ਹੈ ਕੁੱਖਾਂ ਦੀ
ਕੌਣ ਸੁਣਾਵੇ ਉਜੜੀ ਸੱਥ ਵਿਚ
ਦਰਦ ਕਹਾਣੀ ਦੁੱਖਾਂ ਦੀ

ਅੱਜ ਕੱਲ੍ਹ ਏਸ ਗਰਾਂ ਵਿਚ ਫਟੀਆਂ
ਕੰਨੀਆਂ ਵਾਲੇ ਖ਼ਤ ਆਉਂਦੇ ਨੇ
ਏਸ ਗਰਾਂ ਦੇ ਲੋਕ ਨਿਕਰਮੇ

ਸਿਵਿਆਂ ਦੇ ਵੱਲ ਨਿੱਤ ਜਾਂਦੇ ਨੇ