ਉਹ ਸਵੇਰ

ਦਿਨ
ਏਡੇ ਚੰਗੜੇ ਨਹੀਂ
ਕਿ ਭੁੱਜੇ ਮੋਠ ਪਏ ਉੱਗਣ
ਰੱਬ ਨੇ
ਛੱਪਰ ਕੀ ਫਾੜਨੇ ਨੇ
ਝੀਥਾਂ 'ਤੇ ਵੀ
ਚੇਪੀਆਂ ਲਾ ਕੇ
ਹੱਸ ਰਿਹੈ

ਇਸ ਗੁੰਮਨਾਮ ਮੌਸਮ ਵਿਚ
ਆਪਣੀ ਗੁੰਮਨਾਮੀ ਨੂੰ
ਕੀਹਦੀ ਸਾਜ਼ਿਸ਼ ਕਹੀਏ

ਦਿਨ ਇਉਂ ਚੜ੍ਹਦੈ
ਜਿਵੇਂ ਯਰਕਾਨ ਦਾ ਰੋਗੀ ਕੋਈ
ਹੱਥਾਂ 'ਤੇ ਸਰ੍ਹੋਂ ਉਗਾਣ ਦਾ
ਸੁਪਨਾ ਵੇਖੇ

ਸੂਰਜ ਦੇ ਮੂੰਹ 'ਤੇ
ਇਸ ਕਿਸ ਨੇ ਸਰਾਪ ਮਲਿਐ
ਕਿ ਡੁੱਬਦਾ ਹੋਇਆ
ਇਰਾਦੇ ਵੀ ਚੂਸ ਲੈਂਦੈ
ਜੋਕ ਵਾਂਗ

ਦਰਦ ਦਾ
ਸੀਨੇ 'ਚੋਂ ਗੁਜ਼ਰ ਜਾਣਾ ਹੀ
ਮੌਤ ਨਹੀਂ ਹੁੰਦਾ
ਨਿੱਤ ਤਿਲ ਤਿਲ ਕਰਕੇ ਮਰਨਾ
ਤੇ ਫੇਰ ਟੁਕੜਾ ਟੁਕੜਾ ਜੋੜ ਕੇ
ਜੀਉਣਾ ਵੀ ਤਾਂ
ਜ਼ਿੰਦਗੀ ਜਿਹੀ ਮੌਤ ਹੁੰਦੈ

ਇਹ ਕਹੀ ਜ਼ਿੰਦਗੀ ਏ
ਕਿ ਹੋਂਦ ਦਾ ਇਕ ਹਿੱਸਾ
ਟੁਕੜਾ ਟੁਕੜਾ ਜੁੜ ਕੇ
ਸਬੂਤੇ ਹੋਣ ਦਾ
ਭਰਮ ਪੈਦਾ ਕਰਦਾ ਤੁਰ ਪੈਂਦੈ
ਤੇ ਦੂਜਾ ਹਿੱਸਾ
ਬੇਹਿਸ, ਨਾਕਾਮ
ਲੜਖੜਾ ਕੇ ਡਿਗਣਾ ਲੋਚਦੈ

ਜਿਸ ਸਵੇਰ ਲਈ ਪਰ
ਨਿੱਤ ਮਰ ਮਰ ਕੇ
ਜੀਂਉਦੇ ਆਂ
ਕਾਲੀ ਰਾਤ ਸਾਹਵੇਂ
ਜੇ ਜਿੱਤ ਗਈ ਉਹ
ਤਾਂ ਹੋਂਦ ਦੇ
ਅਧਰੰਗ ਹਿੱਸੇ ?ਚੋਂ
ਗੁਜ਼ਰੇਗੀ ਸੰਵੇਦਨਾ

ਉਹ ਸਵੇਰ
ਆਵੇਗੀ ਤਾਂ ਸਹੀ
ਮਿੱਟੀ ਵਿਚ ਰੁਲਦੇ ਸੁਪਨੇ
ਕਦੇ ਤਾਂ ਬਣਨਗੇ ਸੋਨਾ
ਉਹ ਸਵੇਰ

ਆਵੇਗੀ ਤਾਂ ਸਹੀ