ਨੋ ਮੈਨਜ਼ ਲੈਂਡ

ਹਾਦਸਿਆਂ ਦੇ ਜ਼ਰਖ਼ੇਜ਼ ਮੌਸਮ ਵਿਚ
ਜ਼ਖ਼ਮ ਉਗਦੇ ਨੇ ਖੁੰਬ੍ਹਾਂ ਵਾਂਗ
ਵਕਤ ਦੇ ਜੰਗਲ ਵਿਚ
ਔਝੜੀਂ ਪੈ ਗਏ ਨੇ
ਸਾਡੀਆਂ ਉਮਰਾਂ ਦੇ ਕਦਮ
ਸਰਘੀ ਦੀ ਕੁੱਖ ਨੂੰ
ਜਿਵੇਂ ਅਠਰਾਹ ਦਾ ਸਰਾਪ ਏ
ਹਰ ਦਿਨ ਦੇ ਮੱਥੇ         
'ਤੇ ਲੱਗ ਗਏ ਨੇ
ਸੈਆਂ ਕਤਲਾਂ ਦੇ ਇਲਜ਼ਾਮ

ਮੰਨਿਆ
ਕਿ ਜ਼ਿੰਦਗੀ
ਟੇਪ-ਰਿਕਾਰਡਰ ਨਹੀਂ ਹੁੰਦੀ
ਪਰ ਸਾਹਾਂ ਸੰਗ
ਮਾਤਮੀ ਧੁਨਾਂ
ਨਿਗਲਣ ਦੀ ਆਦਤ ਵੀ ਤਾਂ
ਮਨੁੱਖੀ ਨਹੀਂ
ਜਹਾਲਤ ਤੋਂ ਲੈ ਕੇ
ਸਭਿਅਤਾ ਤੱਕ
ਬਨਵਾਸ ਹੀ ਭੋਗੇ ਨੇ ਅਸੀਂ
ਹਰ ਹੱਦਬੰਦੀ ਦੇ
ਇਸ ਪਾਰ ਉਦਾਸੀ ਏ
ਤੇ ਉਸ ਪਾਰ ਮਾਤਮ

ਕਦੇ
ਬਾਹਾਂ ਤੋਂ ਬਾਹਾਂ ਵਿਚਲੇ
ਜੰਗਲ ਵਿਚ
ਵਕਤ ਵੀ ਗੁਆਚ ਜਾਂਦਾ ਸੀ
ਪਰ ਅੱਜ ਤਾਂ
ਆਪੋ ਵਿਚੀਂ ਟਕਰਾਂਦੀਆਂ
ਬਾਹਾਂ ਵਿਚਕਾਰ
ਧੁਖ਼ ਰਹੇ ਨੇ ਧੜ
ਵਕਤ ਤੁਰਦਾ ਰਿਹੈ
ਤੁਰਦਾ ਰਹੇਗਾ
ਹਰ ਦਿਨ ਛਿਪ ਜਾਂਦੈ

ਕਤਲ ਕਰ ਦਿੱਤਾ ਜਾਂਦੈ
ਜਾਂ ਬਣ ਜਾਂਦੈ ਆਤਮਘਾਤੀ
ਇਨ੍ਹਾਂ ਵਕਤਾਂ ਦੇ ਜ਼ਾਮਨ ਅਸੀਂ
ਜ਼ਿੰਦਗੀ ਦੇ
ਸਾਰੇ ਰੰਗਾਂ ਨੂੰ ਖੋਰ ਕੇ
ਘੋਰ ਹਨ੍ਹੇਰੀ ਰਾਤ ਵਿਚ
ਲਿਖ ਰਹੇ ਹਾਂ
ਆਪਣੀ ਤਕਦੀਰ
ਸਾਡੇ ਧੜਾਂ 'ਤੇ ਉਗੀਆਂ
ਸਾਡੀਆਂ ਦੋਹਾਂ ਬਾਹਾਂ ਵਿਚਕਾਰ ਹੀ
ਬਣ ਗਈ ਹੈ

" ਨੋ ਮੈਨਜ਼ ਲੈਂਡ "