ਕਰਫਿਊ ਤੇ ਕਦਮ

ਕਰਫਿਊ
ਕਦੇ ਕਦਮਾਂ ਦਾ
ਸਿਦਕ ਅਜ਼ਮਾਂਦੇ ਨੇ
ਕਦੇ ਬਣਦੇ ਨੇ
ਨਾ ਆਉਣ ਦੇ ਬਹਾਨੇ

ਕਦਮਾਂ ਤੇ ਕਰਫਿਊ ਦਾ
ਚੱਕਰਵਿਊ
ਪੱਥਰੀਲੀਆਂ ਸੜਕਾਂ ?ਤੇ
ਵਿਛ ਜਾਂਦੈ
ਦੋਸਤੀ ਦਾ ਭਰਮ ਬਣ ਕੇ

 

ਕਿਧਰੇ ਨਹੀਂ ਗੁਆਚਦੀ ਮੰਜ਼ਿਲ
ਕਦਮ ਹਾਰ ਜਾਂਦੇ ਨੇ

ਸੁਣੋ ਦੋਸਤੀ ਦੀ ਪਰਿਭਾਸ਼ਾ
ਦੋਸਤਾਂ ਦੀ ਪਾਕੀਜ਼ਗੀ ਦੀ ਜ਼ੁਬਾਨੀ
ਸ਼ਬਦਕੋਸ਼ ਕਿਉਂ ਫੋਲਦੇ ਓ
ਦੋਸਤੀ ਦੀ ਹਕੀਕਤ ਪੁੱਛੋ
ਹੱਥਾਂ ਦੀ ਟੁੱਟੀ ਕਰੰਘੜੀ ?ਚ
ਚੁਭਦੀ ਛਿਲਤਰ ਤੋਂ

 

ਆਪਣੇ ਹੀ ਦੋ ਹੱਥਾਂ ਵਿਚ ਟਕਰਾਂਦੇ
ਹਥਿਆਰਾਂ ਦੇ ਯੁੱਧ ਤੋਂ
ਹਾਰ ਗਈ ਏ ਜ਼ਿਦ

ਪੁੱਛ ਰਿਹੈ ਦਰਦ ਦਾ ਤੂਫ਼ਾਨ
ਦੋਸਤੀ ਦਾ ਨਗਰ
ਭਲਾ ਟਾਪੂ ਬਣ ਜਾਂਦੈ ਕਰਫਿਊ ਵਿਚ?

ਦੋਸਤੀ ਦੀ ਪਰਿਭਾਸ਼ਾ ਲੱਭਣ ਲਈ
ਸ਼ਬਦਕੋਸ਼ ਚਾਹੇ ਫੋਲ ਲੈਣਾ
ਪਰ ਅਕਾਸ਼ੀ ਬਿਜਲੀ ਦੀ
ਲਿਸ਼ਕ ਨੂੰ ਦੇਖ ਕੇ
ਮਹਿਬੂਬ ਨੂੰ ਲੱਭਣ ਲਈ
ਹੱਥਾਂ ?ਤੇ ਜਗਾਏ ਦੀਵੇ
ਮੂਧੇ ਨਾ ਸੁੱਟ ਦੇਣਾ
ਝੁਲਸੇ ਮਾਸ ਦੀਆਂ ਪਰਤਾਂ 'ਚੋਂ ਫੇਰ
ਤਲਾਸ਼ ਦੀ ਸ਼ਿੱਦਤ
ਨਹੀਂ ਲੱਭੇਗੀ

ਪਲ ਦੀ ਪਲ
ਆਪਣਾ ਰਾਹ ਤਾਂ ਸੋਚੋ
ਕਰਫਿਊ
ਤੁਰਨੋਂ ਰੋਕਦੇ ਵੀ ਨੇ
ਤੇ ਰੋਕ ਕੇ ਪੁੱਛਦੇ ਵੀ ਨੇ
ਕਿ ਤੁਸੀਂ ਪਹੁੰਚਣਾ ਕਿੱਥੇ ਹੈ?

ਰੁਕੋ,
ਐਵੇਂ ਨਾ ਤੁਰੀ ਜਾਓ, ਦੋਸਤੋ
ਬੰਦਾ ਮਸੀਹਾ ਤਾਂ ਨਹੀਂ ਹੁੰਦਾ
ਕਿ ਨਿੱਤ ਨਿੱਤ
ਅਬਰਕੀ ਸੁਪਨਿਆਂ ਦੀਆਂ
ਕਿਰਚਾਂ ਸਹਿੰਦਾ
ਭੋਗਦਾ ਹੀ ਰਹੇ ਸੂਲੀ
ਸੂਰਜ ਪਛਾਣ ਲਈਏ
ਕਿ ਲੋਅ 'ਤੇ
ਕਿਸੇ ਕਰਫਿਊ ਦਾ
ਪਹਿਰਾ ਨਹੀਂ ਹੁੰਦਾ

ਰੁਕੋ ਨਾ ਦੋਸਤੋ
ਤੁਰੋ
ਤੁਰਦੇ ਹੀ ਜਾਓ
ਜਦ ਤਕ ਨਹੀਂ ਲੱਭਦਾ
ਸੂਰਜ ਦਾ ਥਹੁ

ਥੱਕੋ ਨਾ ਦੋਸਤੋ
ਉਮਰ ਬਹੁਤ ਲੰਮੀ ਹੁੰਦੀ ਏ
ਠਰੀ ਰਾਤ ਵਰਗੀ
ਤੇ ਉਮਰਾਂ ਦਾ ਠਾਰ
ਮਘਾਣ ਲਈ
ਸੂਰਜ ਲੋੜੀਦੈ

ਸੱਜਰੀ ਕਮਾਈ ਜਿਹਾ ਸੂਰਜ