ਤਾਵੀਜ਼

ਰਿਸ਼ਤੇ
ਕਿਸੇ ਪਿਛਲੇਰੇ ਜਨਮ ਵਿਚ
ਹੱਥਾਂ 'ਚੋਂ ਡੁੱਲ੍ਹੇ ਲੂਣ ਨੂੰ
ਇਸ ਜਨਮ ਵਿਚ
ਪਲਕਾਂ ਨਾਲ ਚੁਣਨ ਦਾ
ਸਰਾਪ ਹੁੰਦੇ ਨੇ

ਕੌਣ ਕਹਿੰਦੈ ਕਿ ਰਿਸ਼ਤੇ
ਨਹੁੰਆਂ ਨਾਲੋਂ ਅਨਿੱਖੜ
ਮਾਸ ਹੁੰਦੇ ਨੇ
ਨਹੀਂ, ਇਹ ਤਾਂ
ਡੱਬਖੜੱਬੀਆਂ
ਨਹੁੰ-ਪਾਲਸ਼ਾਂ ਨੇ ਬਸ
ਜਿਨ੍ਹਾਂ ਨੂੰ ਪਰਖਣ ਲਈ
ਹਾਲਾਤ ਦੀ ਗਰਦਸ਼ ਦਾ
ਰਿਮੂਵਰ ਕਾਫ਼ੀ ਹੁੰਦਾ ਏ

ਰਿਸ਼ਤੇ
ਰਿਸ਼ਤਿਆਂ ਦੇ
ਸਿਰਾਂ 'ਤੇ ਖਲੋ ਕੇ
ਅਸਮਾਨ ਛੂੰਹਦੇ
ਤੇ ਜੀਭਾਂ 'ਤੇ
ਆਪਣਿਆਂ ਦਾ 'ਲੂਣ?
ਮੁੱਕਣ ਤੋਂ ਪਹਿਲਾਂ ਹੀ
ਆਪਣੇ ਆਪਣੇ ਖੋਲ 'ਚ
ਵੜ ਜਾਂਦੇ ਨੇ
ਕੱਛੂਕੁੰਮੇ ਵਾਂਗ

ਰਿਸ਼ਤੇ
ਇਹ ਖੇਡ ਰਿਸ਼ਤਿਆਂ ਦੀ
'ਨਾਟ ਆਊਟ' ਤਕ
ਸ਼ਾਨਦਾਰ ਖੇਡਦੇ
ਤੇ ਹਾਰਨ ਲੱਗਿਆਂ
'ਫਾਊਲ' ਖੇਡ ਜਾਂਦੇ ਨੇ

ਕੁਝ ਰਿਸ਼ਤੇ
ਪੈਰਾਂ ਹੇਠ ਰੀਂਗਦੇ
ਕੀੜਿਆਂ ਜਿਹੇ  ਹੁੰਦੇ
ਤੇ ਕੁਝ ਹੁੰਦੇ
ਨ੍ਹੇਰੇ ਵਿਚ
ਆਪੋ ਵਿਚੀਂ ਟਕਰਾਂਦੇ
ਚਮਗਿੱਦੜਾਂ ਜਿਹੇ

ਕੁਝ ਰਿਸ਼ਤੇ ਹੁੰਦੇ
ਕਾਈ ਜਿਹੇ ਗੰਧਲੇ
ਤੇ ਕੁਝ ਹੁੰਦੇ ਨੇ
ਖਾਰੇ ਸਮੁੰਦਰ
ਕੁਝ ਰਿਸ਼ਤੇ ਹੁੰਦੇ
ਪੌਪ ਮਿਊਜ਼ਿਕ ਜਿਹੇ
ਕੰਨ ਚੀਰਵੇਂ
ਤੇ ਕੁਝ
ਮਾਤਮੀ ਧੁਨਾਂ ਜਿਹੇ
ਕੁਝ ਰਿਸ਼ਤੇ
ਸਿੰਥੈਟਕ ਕੱਪੜਿਆਂ ਜਿਹੇ
ਜਾਂ ਠਾਰਦੇ ਜਾਂ ਲੂੰਹਦੇ
ਕੁਝ ਰਿਸ਼ਤੇ
ਉਡਦੀ ਧੂੜ ਜਿਹੇ ਹੁੰਦੇ
ਤੇ ਕੁਝ ਤੱਤੀ ਲੁਕ ਜਿਹੇ

ਕੁਝ ਰਿਸ਼ਤੇ ਹੁੰਦੇ
ਵਸਦੇ ਘਰ ਦੀਆਂ
ਵਿਰਲਾਂ 'ਚ ਉਗੇ
ਪਿੱਪਲ ਜਿਹੇ

ਕੁਝ ਰਿਸ਼ਤੇ ਹੁੰਦੇ
ਦੀਵਾਲੀ ਦੇ ਦੀਵਿਆਂ ਜਿਹੇ
ਕੁਝ ਰਿਸ਼ਤੇ ਹੁੰਦੇ
ਮਘਦੇ ਕੋਲਿਆਂ ਜਿਹੇ

ਕੁਝ ਰਿਸ਼ਤੇ
ਵਿਘਿਆਂ ਕਿੱਲਿਆਂ 'ਚ ਉਸਰੇ
ਟਾਪੂ ਹੁੰਦੇ
ਤੇ ਕੁਝ ਹੁੰਦੇ
ਉਸਾਰੀ ਅਧੀਨ
ਸਰਕਾਰੀ ਮਕਾਨ ਜਿਹੇ

ਕੁਝ ਰਿਸ਼ਤੇ
ਮੇਲੇ 'ਚ ਗੁਆਚੇ
ਬਾਲ ਜਿਹੇ
ਤੇ ਕੁਝ ਹੁੰਦੇ
ਸਾਹਿਤਕ ਸਨਮਾਨ ਜਿਹੇ
ਕੁਝ ਰਿਸ਼ਤੇ
ਬਾਬੇ ਬੋਹੜ ਜਿਹੇ ਹੁੰਦੇ
ਤੇ ਹੁੰਦੇ ਕੁਝ
ਝੜਦੇ ਬੂਰ ਜਿਹੇ

ਕੁਝ ਰਿਸ਼ਤੇ
ਬਹੁਮੰਜ਼ਿਲੀ ਇਮਾਰਤ ਦੀ
ਲਿਫ਼ਟ ਜਿਹੇ ਹੁੰਦੇ
ਤੇ ਕੁਝ ਰਿਸ਼ਤੇ
ਐਂਟੀਨਿਆਂ ਜਿਹੇ

ਰਿਸ਼ਤੇ ਤਾ ਮਹਿਜ਼
ਮੁੱਠੀ 'ਚੋਂ ਕਿਰਦੇ
ਰੇਤ ਦੇ ਕਿਣਕੇ ਨੇ
ਜਿਵੇਂ ਸਦੀਆਂ ਦੀ ਕੁੱਖ 'ਚੋਂ
ਕਦੇ ਹੀ ਕੋਈ
ਅਵਤਾਰ ਜਨਮਦਾ ਏ
ਉਵੇਂ ਪਾਰਦਰਸ਼ੀ ਧੁੱਪ ਦਾ
ਟੋਟਾ ਕੋਈ
ਕਿਸੇ ਬੂੰਦ ਦੀ ਬੇਰੰਗਤਾ ਨੂੰ
ਸੱਤ ਰੰਗਾਂ ਵਿਚ ਨਿਖੇੜਨ ਦੇ
ਕਾਬਲ ਬਣਦੈ

ਫੇਰ ਪਾਰਦਰਸ਼ੀ ਧੁੱਪ
ਤੇ ਸੱਤ ਰੰਗਾਂ ਦਾ ਰਿਸ਼ਤਾ
ਤਾਵੀਜ਼ ਬਣ ਜਾਂਦੈ
ਜੀਹਨੂੰ ਗਲੇ ਵਿਚ ਪਹਿਨ ਕੇ
ਬਾਂਝ ਬੂੰਦਾਂ ਦੇ ਟੂਣੇ
ਲੰਘ ਜਾਂਦੈ ਬੰਦਾ
ਬੇਖੌਫ਼

ਅਜਿਹਾ ਤਾਂ ਪਰ
ਕਦੇ ਵੀ ਵਾਪਰਦੈ
ਸਦੀਆਂ 'ਚ
ਕਦੇ ਇਕ ਵਾਰ
ਕਰਾਮਾਤ ਜਿਹਾ ਹੈਰਾਨਕੁਨ
ਲਹੂ ਵਿਚ ਹੀਮੋਗਲੋਬਿਨ ਦੀ ਹੋਂਦ ਜਿਹਾ
ਸਹਿਜ
ਸਹਿਕਦੇ ਹੋ ਤੁਸੀਂ ਇਸ ਕਰਾਮਾਤ ਨੂੰ
ਕਿ ਕੋਈ ਰਿਸ਼ਤਾ
ਤੁਹਾਡੇ ਲਹੂ ਦਾ

ਹੀਮੋਗਲੋਬਿਨ ਬਣ ਜਾਵੇ