ਜੁਗਨੂੰ ਦੀ ਲੋਅ

ਹੋਂਦ ਤੇਰੀ ਦੀਆਂ ਗਲ਼ੀਆਂ ਦੇ ਵਿਚ
ਚਾਹਤ ਦਾ ਕਾਸਾ ਹੱਥ ਫੜ ਕੇ
ਨਹੀਂ, ਮੈਂ ਕੋਈ ਵਰ ਨਹੀਂ ਮੰਗਣਾ

ਤੇਰੀ ਸੁਹਣੀ ਚਾਹਤ ਕੋਲੋਂ
ਚਾਹਾਂ ਤਾਂ ਸੈਆਂ ਵਰ ਮੰਗਾਂ
ਪਰ ਮੈਂ ਕੋਈ ਵਰ ਨਹੀਂ ਮੰਗਣਾ
ਕਿਉਂਕਿ ਜਾਣਦੀਆਂ ਕਿ ਵਰ ਤਾਂ
ਦਸ਼ਰਥ ਦੀ ਲਾਚਾਰੀ ਬਣਦੇ
ਪਰ ਹੋਣੀ ਦੀ ਪੀਚੀ ਮੁੱਠ ?ਚੋਂ
ਚਾਹਤ ਦੇ ਜੋ ਦੋ ਪਲ ਤਿਲ੍ਹਕੇ
ਆਉਂਦੇ ਕਲ੍ਹ ਦੇ ਰਾਮ ਨੂੰ ਇਹ ਪਲ
ਦੇਸ਼-ਨਿਕਾਲਾ ਦੇ ਨਾ ਸਕਦੇ

ਹੋਂਦ ਮੇਰੀ ਮਨਜ਼ੂਰ ਨਾ ਕਰਦੀ
ਚਾਹਤ ਦੇ ਨਾਂ 'ਤੇ ਵਰ ਮੰਗਣਾ
ਰਾਤ ਹਨ੍ਹੇਰੀ ਉਮਰਾ ਦੀ ਵਿਚ
ਕਿਤੇ ਕਿਤੇ ਜੁਗਨੂੰ ਤਾਂ ਚਮਕੇ
ਪਰ ਮੈਂ ਜਾਣਦੀਆਂ ਇਸ ਲੋਅ ਨੇ
ਰੂਹ ਲਈ ਕੋਈ ਰਾਹ ਨਹੀਂ ਬਣਨਾ
ਬਹੁਤ ਕਠਿਨ ਹੈ, ਸੰਭਵ ਨਹੀਂ ਹੈ
ਤੇਰੇ ਬੋਲਾਂ ਦੀ ਨੀਂਹ ਉਤੇ
ਚਾਹਤ ਦਾ ਕੋਈ ਨਗਰ ਉਸਾਰਨਾ

ਜਦ ਮੈਂ ਨਗਰ ਉਸਾਰਨ ਦੇ ਲਈ
ਮਿੱਟੀ ਖੁਰਚਾਂ, ਕੰਧਾਂ ਢਾਹਾਂ
ਮਿੱਟੀ ਵਿਚ ਉਗ ਪੈਂਦੀਆਂ ਅੱਖੀਆਂ
ਜਦ ਮਿੱਟੀ ਹੈ ਹਾਉਕਾ ਲੂਹੇ
ਜਦ ਮਿੱਟੀ ਹੈ ਹਾਉਕਾ ਲੂਹੇ
ਹੋਂਦ ਮੇਰੀ ਨੂੰ ਝੁਲਸਣ ਆਹਾਂ
ਰਾਤ ਹਨ੍ਹੇਰੀ ਉਮਰਾ ਦੀ ਵਿਚ
ਜੁਗਨੂੰ ਦੀ ਲੋਅ ਦੇ ਆਖੇ ਲੱਗ
ਦੱਸ ਨ੍ਹੇਰਾ ਕੀਕਣ ਬਣ ਜਾਵਾਂ

ਜੀ ਕਰਦਾ ਸੀ ਜੋਬਨ ਰੁੱਤੇ
ਖੰਭ ਜੇ ਉੱਗਣ ਹੋਂਦ ਦੇ ਸਿਰ 'ਤੇ
ਤੇਰੀ ਚਾਹਤ ਦੇ ਅੰਬਰ 'ਤੇ
ਚਾਹਤ ਦਾ ਇਕ ਨਗਰ ਵਸਾਵਾਂ
ਪਰ ਹੁਣ ਲਗਦੈ, ਸੰਭਵ ਨਹੀਂ ਹੈ
ਬਸ ਸੁਪਨੇ ਦੀ ਕੰਨੀ ਫੜ ਕੇ
ਚਾਹਤ ਦੀ ਪੌੜੀ ?ਤੇ ਚੜ੍ਹ ਕੇ
ਤੇਰੇ ਇਸ਼ਕੇ ਦੇ ਅੰਬਰ 'ਤੇ
ਚਾਹਤ ਦਾ ਕੋਈ ਨਗਰ ਉਸਰਨਾ

ਖੰਭਾਂ ਜਿਹੀ ਸੁਪਨੀਲੀ ਰੁੱਤੇ
ਖੰਭ ਉੱਗੇ ਵੀ ਹੋਂਦ ਦੇ
ਖੰਭ ਖਿਲਾਰੇ
ਰੂਹ ਮੇਰੀ ਨੇ ਚਾਹਿਆ ਇਹੀਓ
ਅੰਬਰ ਨੂੰ ਭਰ ਲਵਾਂ ਕਲਾਵੇ
ਰੂਹ ਨੇ ਫਿਰ ਅੰਬਰ ਵੱਲ ਤੱਕ ਕੇ
ਜਦ ਖੰਭਾਂ ਤੋਂ ਮਿੱਟੀ ਝਾੜੀ
ਰੂਹ ਦੇ ਖੰਭਾਂ ?ਤੇ ਆ ਡਿੱਗੀ
ਮੈਲੀਆਂ ਪੱਗਾਂ ਦੀ ਪੰਡ ਭਾਰੀ

ਤੇ ਮੈਂ ਡਰ ਕੇ, ਬਹੁਤ ਤ੍ਰਹਿ ਕੇ
ਅਪਣੇ ਤੋ ਵੀ ਖੰਭ ਲੁਕਾ ਲਏ
ਮਾਸ ਮੇਰੇ ਦੀਆਂ ਪਰਤਾਂ ਅੰਦਰ
ਖੁਭ ਗਈਆਂ ਖੰਭਾਂ ਦੀਆਂ ਨੋਕਾਂ
ਪਰ ਟੁੱਟੇ ਖੰਭ ਹੋਂਦ ਮੇਰੀ ਦੇ
ਆਪਣੀ ਹੋਂਦ ਦੇ ਆਖੇ ਲੱਗ ਕੇ
ਮਾਸ ਮੇਰੇ ਦੀਆਂ ਪਰਤਾਂ ਹੇਠੋਂ
ਖੌਰੂ ਪਾਂਦੇ ਜਦ ਉੱਡਣ ਲਈ
ਦੱਸ ਕਿਵੇਂ ਮੈਂ ਅੱਥਰੂ ਰੋਕਾਂ

ਪਰ ਹੁਣ ਲਗਦੈ, ਸੰਭਵ ਨਹੀਂ ਹੈ
ਅਪਣੀ ਹੋਂਦ ਤੋਂ ਮਿੱਟੀ ਛੰਡ ਕੇ
ਚਾਹਤ ਦੇ ਅੰਬਰ ਵਿਚ ਉਡਣਾ
ਬਸ ਇਉਂ ਲਗਦੈ, ਸੰਭਵ ਨਹੀਂ ਹੈ
ਚਾਹਤ ਦਾ ਕੋਈ ਨਗਰ ਉਸਰਨਾ
ਚੁਭਦੀਆਂ ਨੇ ਇੰਜ ਅੱਖੀਆਂ ਵਿਚ
ਅਣਹੋਏ ਨਗਰ ਦੀਆਂ ਕਿਰਚਾਂ
ਜੀਕਣ ਅਠਰਾਹੀਆਂ ਕੁੱਖਾਂ ਵਿਚ
ਅਣਜਨਮੇਂ ਬਾਲਾਂ ਦੀਆਂ ਕਬਰਾਂ

ਅਣਹੋਏ ਇਸ ਨਗਰ ਦਾ ਸੱਜਣਾ!
ਹੋਰ ਕਿੰਨਾ ਕੁ ਮਾਤਮ ਕਰੀਏ
ਏਸ ਨਗਰ ਦੇ ਖੰਡਰਾਤਾਂ ਵਿਚ
ਅਠਰਾਹੀ ਚਾਹਤ ਨੂੰ ਦੱਬ ਕੇ
ਚਲ ਅਪਣੇ ਅਪਣੇ ਘਰ ਮੁੜੀਏ
ਅੱਖੀਆਂ ਦੇ ਕੋਇਆਂ ਵਿਚ ਜੰਮੀਆਂ
ਅਣਕੀਤੇ ਕੌਲਾਂ ਦੀਆਂ ਧੂੜਾਂ
ਅਪਣੇ ਅਪਣੇ ਹੰਝੂਆਂ ਦੇ ਸੰਗ
ਚੁੱਪ-ਚੁਪੀਤੇ ਚਲ ਧੋ ਲਈਏ

ਤੇਰੀ ਅੱਖ ਦੇ ਸੁੱਚੇ ਮੋਤੀ
ਉਂਜ ਤਾਂ ਮੇਰੀ ਰੂਹ ?ਤੇ ਬਿਖਰੇ
ਪਰ  ਉਮਰਾ ਦਾ ਨਿੱਘ ਨਾ ਬਣਦੇ
ਨਿੱਕੇ ਨਿੱਕੇ ਧੁੱਪ ਦੇ ਟੁਕੜੇ
ਚਲ ਦੋਵੇਂ ਸਮਝੌਤਾ ਕਰੀਏ
ਅਪਣੀ ਧੁੱਪ ਨੂੰ ਛਾਂਵੇਂ ਕਰੀਏ
ਮੁਸਕਾਨਾਂ ਦੇ ਕੱਜਣ ਪਾ ਕੇ
ਵਕਤਾਂ ਦੇ ਅਣਗਿਣਤ ਤਕਾਜ਼ੇ
ਬਸ ਨਿਭਾ ਜਾਈਏ ਚੁੱਪ ਕਰ ਕੇ

ਰਹਿਣ ਦੇ ਸਭ ਸਵਾਲੀਆ ਫ਼ਿਕਰੇ
ਆਪਣੀ ਆਪਣੀ ਥਾਂਵੇਂ ਉਕਰੇ
ਚਾਹਤ ਦੇ ਇਸ ਨਗਰ ਦੀ ਚਾਹਤ
ਉਮਰ ਦੀਆਂ ਕੰਧਾਂ ਵਿਚ ਚਿਣ ਦੇ
ਰੂਹ ਦੇ ਸੂਰਜਮੁਖੀ ਫੁੱਲ 'ਤੇ
ਹਰ ਜੁਗ ਵਿਚ ਸੂਰਜ ਨਹੀਂ ਉਗਦੇ
ਉਮਰ ਚਾਹੇ ਹੈ ਮਾਂ ਮਤਰੇਈ
ਪਰ ਉਮਰਾ ਦੇ ਸਾਊ ਬਚੇ
ਇੰਜ ਕਦੇ ਨਹੀਂ ਸ਼ਿਕਵੇ ਕਰਦੇ

ਖ਼ਾਬ ਵਿਹਾ ਕੇ ਜੋਬਨ ਰੁੱਤੇ
ਅਪਣੀ ਛਾਂ ਦਾ ਠਾਰ ਹੰਢਾਵਾਂ
ਅਪਣੀ ਸਹਿਕੀ ਮਹਿਕ ਨੂੰ ਸਹਿ ਕੇ
ਚਾਹਤ ਦੇ ਖੰਡਰਾਂ ਵਿਚ ਬਹਿ ਕੇ
ਹਰ ਜ਼ਰੇ ਤੇ ਲਿਖਦੀ ਜਾਵਾਂ
ਇਕ ਜੁਗਨੂੰ ਦੇ ਆਖੇ ਲੱਗ ਕੇ
ਮੁਮਕਿਨ ਨਹੀਂ ਕੋਈ ਰਾਹ ਫੜਨਾ
ਬਹੁਤ ਕਠਿਨ ਹੈ, ਸੰਭਵ ਨਹੀਂ ਹੈ

ਚਾਹਤ ਦਾ ਕੋਈ ਨਗਰ ਉਸਰਨਾ