ਉਮਰ ਦਾ ਵੇਦਨ

ਤਿਲ ਤਿਲ ਜ਼ਿਬ੍ਹਾ ਹੋਵੇ ਹਰ ਪਲ
ਕਤਰਾ ਕਤਰਾ ਹੋਂਦ ਖੁਰੇ
ਕੀ ਜੀਣਾ ਜੇ ਜੀਣ ਦੀ ਹਸਰਤ
ਯਖ਼ ਸਿਵਿਆਂ ਨਾਲ ਰਸ਼ਕ ਕਰੇ

ਸ਼ੋਖ਼ ਖ਼ਾਬ ਦੇ ਸੁਰਖ਼ ਲਹੂ ਵਿਚ
ਦਰਦ ਦਾ ਚੰਦਰਾ ਵਿਸ ਰਲੇ
ਸੁੱਤ-ਉਨੀਂਦੇ ਹਰ ਸੁਪਨੇ ਨੂੰ
ਤਕਦੀਰਾਂ ਦਾ ਨਾਗ ਲੜੇ

ਚੁੱਪ ਹੋਠਾਂ ?ਤੇ ਜ਼ਰਦ ਨੇ ਹਾਸੇ
ਜਿਉਂ ਕੱਲ੍ਹਰਾਂ ਦੀ ਹੋਂਦ ਕਿਰੇ
ਮਨ ਦੀ ਹਾੜੀ ਸਾਉਣੀ ਉਤੇ
ਸਰਘੀ ਨੂੰ ਜਿਉਂ ਪੈਣ ਗੜ੍ਹੇ

ਸੁਣ ਜਿੰਦੇ! ਹਰ ਸਾਹ ਹੈ ਊਣਾ
ਅਠਰਾਹਾ ਹਰ ਖ਼ਾਬ ਮਰੇ
ਸਾਡੀ ਉਮਰ ਨੜੋਏ ਬੈਠੀ
ਉਮਰ ਦਾ ਵੇਦਨ ਨਿੱਤ ਕਰੇ

ਸੁਪਨ-ਵਿਹੂਣੇ ਮਾਰੂਥਲ ਵਿਚ
ਮਿਰਗ ਮਨਾਂ ਦਾ ਅਗਨ ਚਰੇ
ਮਨ ਦੇ ਬਾਗੀਂ ਫਿਰ ਵੀ ਨ੍ਹੇਰਾ
ਮਹਿਕਾਂ ਦੇ ਲੱਖ ਬਲਣ  ਸਿਵੇ

ਖ਼ਾਬ ਦੇ ਚਿੱਟੇ ਦੁੱਧ ਚਾਨਣ ਵਿਚ
ਸੱਚ ਦੇ ਥ੍ਹੋਰ ਦਾ ਜ਼ਹਿਰ ਰਲੇ
ਜੀਕਣ ਮਨ ਦੇ ਹਿੰਦਸੇ ਕੋਈ
ਲੱਖ ਸਿਫ਼ਰਾਂ ਨਾਲ ਜ਼ਰਬ ਕਰੇ

ਇੰਝ ਤਾਂ ਝੁੱਲੀ ਦਰਦ ਦੀ ਨ੍ਹੇਰੀ
ਖਿੜਦੇ ਫੁੱਲ ਵੀ ਆਣ ਝੜੇ
ਇੰਝ ਤਾਂ ਮੋਮ ਦਾ ਸੋਹਲ ਪਿੰਡਾ
ਵਕਤ ਦੀ ਤੱਤੀ ਝਨਾਂ ਤਰੇ

ਉਮਰ ਦੇ ਸੱਖਣੇ ਅਸਮਾਨਾਂ ਵਿਚ
ਸੈਅ ਤਾਰੇ ਸੈਅ ਚੰਨ ਚਿਣੇ
ਮੱਸਿਆ ਦਾ ਅਹਿਸਾਸ ਹੰਢਾਈਏ

ਫਿਰ ਕਿਉਂ ਜੋਬਨ ਦੀ ਉਮਰੇ