ਵਿਦਿਆ ਮੰਦਰ

ਮੇਰੇ ਕਾਲਜ!
ਮੇਰੇ ਵਿਦਿਆ ਮੰਦਰ!
ਤੇਰੀਆਂ ਕੰਧਾਂ ਵਿਚਾਲੇ
ਪੁੰਗਰਦੀਆਂ ਵਾਪਰਦੀਆਂ
ਕਿੰਨੀਆਂ ਹੀ ਗੱਲਾਂ
ਦੇਖਦੀ ਰਹੀ ਹਾਂ ਮੈਂ
ਤੇ ਮੇਰੀ
ਨਿੱਕੀ ਜਿਹੀ
ਚੁੱਪ-ਚੁਪੀਤੀ ਕਲਮ
ਹੁਣ ਰੋਹ ਨਾਲ ਕੰਬ ਰਹੀ ਏ

ਹੋਠਾਂ ਦੀ ਨਕਲੀ ਸੁਰਖ਼ੀ 'ਚੋਂ ਫੁਟਦੇ
ਬੇਬਾਕ ਬੇਹਯਾ ਹਾਸੇ
ਤੇ ਇਨ੍ਹਾਂ ਹਾਸਿਆਂ ਨਾਲ ਗੂੰਜਦੀ
ਤੇਰੀ ਫ਼ਿਜ਼ਾ
ਮੈਨੂੰ ਕਿੰਨਾ ਉਦਾਸ ਕਰ ਗਈ ਸੀ
ਜਦੋਂ ਮੈਂ ਨਵੀਂ ਦਾਖ਼ਲ ਹੋਈ
ਅੰਨ੍ਹੀ ਕੁੜੀ ਦੀ
ਰੈਗਿੰਗ ਦੇਖੀ ਸੀ
ਜਦੋਂ ਮੈਂ ਕਿੰਨੇ ਹੀ ਹੋਠਾਂ ?ਚੋਂ
ਲਾਪਰਵਾਹੀ ਦੀ ਫ਼ੁਹਾਰ ਨਾਲ ਰਲੇ
?ਤਿੰਨ ਫੇਲ੍ਹ ਇਕ ਪਾਸ? ਜਿਹੇ
ਨਤੀਜੇ ਸੁਣੇ ਸਨ
ਜਦੋਂ ਮੈਨੂੰ
ਲਾਇਬ੍ਰੇਰੀ ਜਾਣ ਦੇ ਜੁਰਮ ਦੀ ਸਜ਼ਾ ਵਜੋਂ
ਚਿੜੀਆਂ ਦੇ ਚੰਬੇ ?ਚੋਂ
ਜਲਾਵਤਨੀ ਮਿਲੀ ਸੀ
ਜਦੋਂ ਮੈਂ
"ਹੀਰੋ" ਤੇ "ਰੋਡ ਮਾਸਟਰਾਂ" ਦੀ
ਵੰਡ ਤੋਂ ਉਪਜੀ
ਬੇਹੱਦ "ਸਭਯ" ਝੜਪ
ਵੇਖੀ ਸੁਣੀ ਸੀ
ਹੁਣ ਵੀ ਤਾਂ ਕਈ ਕੁਝ ਏ
ਜੋ ਉਦਾਸ ਹੀ ਕਰਦੈ
ਜਦੋਂ ਚਿੜੀਆਂ
ਜਮਾਤਾਂ ਦੀਆਂ ਬਾਰੀਆਂ 'ਚੋਂ
ਫੁਰ ਕਰਕੇ ਬਾਹਰ ਉਡ ਜਾਂਦੀਆਂ ਨੇ,
ਲਾਅਨ ਵਿਚ ਬੈਠ ਕੇ
ਘਾਅ ਦੀਆਂ ਤਿੜਾਂ ਚਬਦੀਆਂ ਨੇ
ਪੜ੍ਹਦਿਆਂ "ਨੀਂਦ ਆਉਣ" ਜਿਹੇ
ਕਿੰਨੇ ਹੀ ਮਸਲੇ
ਆਪੋ ਵਿਚ ਡਿਸਕਸ ਕਰਦੀਆਂ ਨੇ
ਠਹਾਕੇ ਲਾਉਂਦੀਆਂ ਨੇ
ਬੇਸ਼ਰਮ ਫ਼ਿਕਰੇ ਕਸਦੀਆਂ ਨੇ
ਉਂਜ ਕਦੇ ਕਦੇ
ਸਟਾਫ਼-ਰੂਮ ਦੇ ਬਾਹਰੋਂ ਲੰਘਦਿਆਂ ਵੀ
ਬੰਜਰ ਬੇਹੂਦਾ ਫ਼ਿਕਰੇ
ਪੈ ਜਾਂਦੇ ਨੇ ਮੇਰੇ ਕੰਨੀਂ
ਉਸ ਪਲ ਤਾਂ
ਮੇਰੇ ਵਿਦਿਆ ਮੰਦਰ
ਮੈਂ ਸਾਹ ਲੈਣ ਲਈ
ਮਸਾਂ ਹੀ ਹਵਾ ਲੱਭਦੀ ਹਾਂ

ਤੈਨੂੰ ਸੱਚ ਦੱਸਾਂ
ਆਪਣੀ ਕੌੜੀ ਸੋਚ
ਮੈਨੂੰ ਤਾਂ ਤੂੰ
ਕੁਝ ਵੀ ਨਹੀਂ ਜਾਪਦਾ
ਰੰਗ-ਬਰੰਗੇ
ਸੈਂਡਲਾਂ ਤੇ ਕੱਪੜਿਆਂ ਦੇ
ਕਬਾੜੀ ਬਾਜ਼ਾਰ ਤੋਂ ਵੱਧ

ਮੈਂ ਜਾਣਦੀ ਆਂ
ਸਮਝ ਸਕਦੀ ਆਂ
ਕਿ ਚੰਦ ਕੁ ਵਿਦਾਇਗੀ ਲਫ਼ਜ਼ਾਂ ਦੀ
ਰਸਮ 'ਚੋਂ ਲੰਘ ਕੇ
ਤੁਰ ਜਾਵਾਂਗੇ ਅਸੀਂ
ਡਿਗਰੀਆਂ ਦੀ ਬੁੱਕਲ ਵਿਚ
ਜ਼ਿਹਨ ਦੇ
ਸਵਾਲੀਆ ਚਿੰਨ੍ਹ ਲੁਕਾ ਕੇ
ਚੰਦ ਕੁ ਦਿਨਾਂ ਵਿਚ ਹੀ
ਲੈਕਚਰ ਸਟੈਂਡਾਂ ਮੂਹਰੇ
ਨਵੇਂ ਚਿਹਰੇ ਬਹਿ ਜਾਣਗੇ

ਪਰ ਤੂੰ ਦੱਸ ਤਾਂ ਸਹੀ ਮੈਨੂੰ
ਕਿਉਂ ਆਉਂਦੇ ਨੇ ਲੋਕ ਇਥੇ?
ਕਿਥੇ ਤੁਰ ਜਾਂਦੇ ਨੇ?
ਬੋਲ ਤਾਂ ਸਹੀ

ਮੇਰੇ ਵਿਦਿਆ ਮੰਦਰ!