ਵੇਖਿਆ ਤੇਰਾ ਵਿਕਾਸਵਾਦ

ਵੇਖ ਡਾਰਵਿਨ
ਤੇਰਾ ਐਵੇਲਿਊਸ਼ਨ ਦਾ ਕਾਨੂੰਨ
ਅੱਜ ਕੰਨਾਂ 'ਚ ਗੂੰਜ ਰਿਹੈ
ਸੱਚ ਹੀ ਕਹਿਨੈਂ
ਇਹ "ਲਾਸਟ ਫਾਰ ਲਾਈਫ਼" ਹੀ ਤਾਂ
ਜੀਊਣ ਲਈ ਸਾਹ ਲੈਂਦੀ ਏ
ਤੂੰ ਤਾਂ ਤੁਰ ਗਿਐਂ ਦੱਸ ਕੇ
ਪੱਤਿਆਂ ਵਿਚ ਵੀ ਜਾਨ ਹੁੰਦੀ ਏ
ਤੇ ਵੇਖ
ਮੈਨੂੰ ਮਿੱਟੀ ਦੇ ਜ਼ਰਿਆਂ ਵਿਚੋਂ ਵੀ
ਸਾਜ਼ਿਸ਼ ਦੀ ਹਮਕ ਆਉਣ ਲਗ ਪਈ ਏ
ਜਿਵੇਂ ਕੰਧਾਂ ਮੂੰਹ ਜੋੜੀ ਚੁਗ਼ਲੀਆਂ ਕਰਦੀਆਂ ਹੋਣ

ਸਟਰਗਲ ਫ਼ਾਰ ਐਗਜ਼ਿਸਟੈਂਸ ਦਾ
ਤੇਰਾ ਕਾਨੂੰਨ ਵਾਚ ਰਹੀ ਹਾਂ
ਤੇ ਕਰ ਰਹੀ ਹਾਂ ਜੀਊਣ ਦਾ ਹੀਲਾ

ਪੁੱਛੀਂ ਨਾ
ਲਿਆਕਤ ਦੇ ਥਾਨ ਵਿਚੋਂ
ਕਿੰਨੇ ਗਜ਼ ਪਾੜ ਕੇ
ਵੇਚ ਚੁੱਕੀ ਹਾਂ ਸਰੇ-ਬਾਜ਼ਾਰ
ਹੁਣ ਤਾਂ ਸੋਚਦੀ ਹਾਂ
ਕਦੋਂ ਇਹ ਪੰਡ ਮੁੱਕੇ
ਤੇ ਮੈਂ ਵੀ ਮੁਕਤ ਹੋਵਾਂ
ਇਸ ਭਾਰ ਦੀ ਕੈਦ ?ਚੋਂ
ਕਿਉਂਕਿ ਬੇਲੋੜੇ ਅੰਗ ਸਰੀਰ ਦੇ
ਅਲੋਪ ਹੋ ਜਾਂਦੇ ਨੇ ਵੇਲਾ ਵਿਹਾ ਕੇ
ਤੇ ਮੈਨੂੰ ਲਗਦੈ
ਪੂਛ ਤੋਂ ਮਗਰੋਂ
ਹੁਣ ਦਿਮਾਗ ਦੀ ਵਾਰੀ ਏ
ਕੀ ਇਹੀ ਹੁੰਦੀ ਏ
ਸਟਰਗਲ ਫ਼ਾਰ ਐਗਜ਼ਿਸਟੈਂਸ
ਸਰਕਾਰੀ ਕਬੂਤਰਖ਼ਾਨੇ ਵਿਚ ਬਹਿ ਕੇ
ਬੇਮਤਲਬ ਮਸ਼ੀਨੀ
ਫਿਕਰਿਆਂ ਦੀ ਭੀੜ ਵਿਚ
ਦਮ ਦਾ ਘੁਟਣਾ

ਕਦੇ ਸੋਚਦੀ ਸਾਂ
ਛੱਤਾਂ ਤੋਂ ਵੀ ਉਚੀ
ਫ਼ਾਈਲਾਂ ਦੀ ਛੱਤ ਨੂੰ
ਸੰਨ੍ਹ ਲਾ ਕੇ ਦੌੜ ਜਾਵਾਂ
ਜਾਂ ਇਨ੍ਹਾਂ ਸਾਰੇ
ਬੇਮਾਇਨਾ ਅੰਕੜਿਆਂ ਨੂੰ ਖੁਰਚ ਕੇ
ਲਿਖ ਦੇਵਾਂ ਕੋਈ ਨਜ਼ਮ
ਪਰ ਅੱਜ ਤੇਰੇ ਕੋਲ
ਜੀਊਣ ਦੀ ਗੱਲ ਕਰਦਿਆਂ
ਇਉਂ ਜਾਪ ਰਿਹੈ
ਜਿਵੋਂ ਹੋਂਦ ਨਾਂ ਦੇ ਕਿਸੇ
ਦੂਰ ਦੇਸ਼ ਦੇ ਪੰਛੀ ਨੂੰ

ਚਿੜੀਆ-ਘਰ 'ਚੋਂ ਲੱਭ ਰਹੀ ਆਂ