ਗੁੱਡੀ ਕਾਗਜ਼

ਔਰਤਾਂ ਤਾਂ ਮੁੱਢੋਂ-ਸੁਢੋਂ
ਚੀਜ਼ਾਂ ਦੀ
ਹੰਢਣਸਾਰਤਾ ਦੀਆਂ ਕਾਇਲ ਨੇ
ਤਾਂਹੀਓ ਤਾਂ ਉਹ
ਨਿੱਤ ਦਿਹਾੜੇ
ਪਾਏਦਾਨਾਂ 'ਤੇ
ਕਿਨਾਰੀ ਲਾਂਦੀਆਂ
ਚਿਟਾਈਆਂ ਦੀਆਂ
ਕੰਨੀਆਂ ਸਿਉਂਦੀਆਂ
ਦੁਪੱਟਿਆਂ 'ਤੇ
ਤਾਰਕਸ਼ੀ ਕਰਦੀਆਂ
ਚੁੱਲ੍ਹੇ ਲਿੰਬਦੀਆਂ
ਚਮੜੀ ਰੰਗਦੀਆਂ
ਨਿੱਕੀਆਂ-ਮੋਟੀਆਂ
ਵਸਤਾਂ ਦੇ ਕੱਜਣ
ਸਿਉਂਦੀਆਂ, ਉਣਦੀਆਂ ਰਹਿੰਦੀਆਂ ਨੇ

ਔਰਤਾਂ ਤਾਂ ਅਸਲੋਂ
ਰਿਸ਼ਤਿਆਂ ਦੀ
ਹੰਢਣਸਾਰਤਾ ਲੋੜਦੀਆਂ ਨੇ
ਤਾਂਹੀਓ ਤਾਂ ਉਹ
ਰਿਸ਼ਤਿਆਂ ਦੇ
ਉਧੜੇ ਤੋਪੇ ਸਿਉਂਦੀਆਂ
ਟਾਕੀਆਂ ਲਾਉਂਦੀਆਂ
ਟੁੱਟੀਆਂ ਗੰਢਦੀਆਂ
ਵਕਤ ਨੂੰ
ਟਾਕੀਆਂ ਲਾ-ਲਾ ਕੇ
ਮਘਾਉਂਦੀਆਂ ਰਹਿੰਦੀਆਂ ਨੇ

ਔਰਤਾਂ ਆਪ ਵੀ ਤਾਂ
ਕੱਜਣ ਬਣਦੀਆਂ ਨੇ
ਅੱਕ ਕੇ ਦੁੱਧ ਵਰਗੇ
ਕੂਲੇ ਕੌੜੇ ਰਿਸ਼ਤਿਆਂ ਨੂੰ
ਆਪਣੇ ਅੰਦਰ ਤੀਕ
ਸਹੇਜ ਲੈਂਦੀਆਂ ਨੇ

ਤੇ ਆਪ
ਇਨ੍ਹਾਂ ਮੌਸਮੀਂ ਤੋਹਫ਼ਿਆਂ 'ਤੇ
ਗੁੱਡੀ ਕਾਗਜ਼ ਵਾਂਗ ਲਿਫ਼ ਜਾਂਦੀਆਂ ਨੇ
ਬਣ ਜਾਂਦੀਆਂ ਨੇ
ਬਲੈਂਕ-ਚੈੱਕ

ਮਰਦਾਂ ਨੇ
ਜਦ ਕਦੇ ਵੀ
ਇਸ ਚੈੱਕ ਨੂੰ
ਕੈਸ਼ ਕਰਵਾਣਾ ਹੁੰਦੈ
ਮਨਚਾਹੀਆਂ ਰਕਮਾਂ
ਭਰ ਲੈਂਦੇ ਨੇ ਇਸ ਵਿਚ
ਤੇ ਔਰਤ
ਪੂਰੀ ਖ਼ੂਬਸੂਰਤੀ ਨਾਲ
ਗੁੱਡੀ ਕਾਗਜ਼ 'ਤੇ ਬੰਨ੍ਹੀ
ਰੇਸ਼ਮੀ ਡੋਰੀ ਨੂੰ
ਰਿਸ਼ਤੇ ਦਾ ਨਾਂ ਦੇ ਕੇ
ਮਰਦ ਦੇ
ਹਵਾਲੇ ਕਰ ਦਿੰਦੀ ਏ

ਇਨ੍ਹਾਂ ਰਿਸ਼ਤਿਆਂ ਤੋਂ ਵੱਧ
ਹੰਢਣਸਾਰ
ਹੋਰ ਕੁਝ ਹੈ ਹੀ ਨਹੀਂ
ਦੁਨੀਆਂ ਵਿਚ

ਔਰਤ ਦੀ ਅੱਖ ਦੇ
ਸਾਰੇ ਦੇ ਸਾਰੇ ਅੱਥਰੂ
ਉਹਦੀ
ਇਸ ਗੁੱਡੀ ਕਾਗਜ਼ ਵਾਲੀ ਹੋਂਦ ਨੂੰ
ਕਿਸ ਯੁੱਗ ਵਿਚ ਖੋਰਨਗੇ

ਪਤਾ ਨਹੀਂ