ਇਸ ਯੁਗ ਵਿਚ

ਤੇਰੇ ਮੇਰੇ ਮਿਲਣ ਦਾ ਵਕਤ
ਜਿਸ ਨੇ ਨਿਸ਼ਚਿਤ ਕਰਨਾ ਸੀ
ਉਹ ਕੰਪਿਊਟਰ ਅੱਜ ਆਊਟ ਆਫ਼ ਆਰਡਰ ਏ
ਮੇਰੀ ਨਜ਼ਰ ਤੇ ਤੇਰੀ ਹੋਂਦ ਵਿਚਕਾਰ
ਅਣਗਿਣਤ ਐਂਟੀਨੇ ਅੜ ਖੜੋਤੇ ਨੇ
ਬਨੇਰੇ 'ਤੇ ਬੋਲਦੇ ਸਾਰੇ ਦੇ ਸਾਰੇ ਕਾਵਾਂ ਨੂੰ
ਜਾਸੂਸੀ ਦੇ ਸ਼ੱਕ ਵਿਚ ਗ੍ਰਿਫ਼ਤਾਰ ਕਰ ਲਿਆ ਗਿਐ
ਤੇਰੇ ਆਣ ਦੀ ਰੁੱਤ ਦੱਸਣ ਆਈ ਬਹਾਰ ਵੀ ਤਾਂ
ਸੈਂਸਰ ਹੋ ਕੇ ਆਈ ਏ
ਕੋਇਲਾਂ ਦੇ ਗੀਤਾਂ ?ਤੇ ਵੀ ਪਾਬੰਦੀ ਲਗ ਗਈ ਏ
ਮੌਸਮ ਖ਼ਰਾਬ ਹੋਣ ਦੀ ਵਜ੍ਹਾ ਕਰਕੇ
ਇਹ ਮਿਲਨ ਨਹੀਂ ਹੋ ਸਕੇਗਾ ਅੱਜ ਆਪਣਾ
ਇਹੀ ਦੱਸਣ ਲਈ ਤਾਂ ਪਬਲਿਕ ਕਾਲ ਆਫ਼ਿਸ ਦੇ
ਬਾਹਰ
ਕਿਊ ਵਿਚ ਖੜੀ ਰਹੀ ਹਾਂ ਮੈਂ
ਸੱਤਰੰਗੀ ਛਤਰੀ ਹੇਠ

ਨਹੀਂ
ਵਸਦੇ ਮੀਂਹ ਵਿਚ ਨਾ ਆਵੀਂ
ਭਿੱਜੀ ਕੰਬਲੀ ਦਾ ਬੋਝ ਤੈਥੋਂ ਚੁੱਕ ਨਹੀਂ ਹੋਣਾ
ਤੇ ਸਰਦੀ ਦੀ ਬਰਸਾਤ ਮੈਨੂੰ ਵੀ ਬੀਮਾਰ ਕਰ ਦੇਂਦੀ ਏ
ਮੈਂ ਵੀ ਕੇਹੀ ਕਮਲੀ ਆਂ
ਤੇਰੇ ਜਿਸਮ 'ਤੇ ਭਿੱਜੀ ਹੀ ਸਹੀ,
ਕੰਬਲੀ ਹੈ ਹੀ ਕਿੱਥੇ?

ਕੀ ਪੁੱਛਦੈਂ " ਅੱਜ ਕੱਲ੍ਹ ਕੀ ਕਰਦੇ ਓ "
ਅਸੀਂ ਤਾਂ
ਤਜਰਬਾ ਕਰ ਰਹੇ ਆਂ
ਤੁਲਸੀ ਦੇ ਬੂਟਿਆਂ 'ਤੇ ਕੈਕਟਸ ਉਗਾਣ ਦਾ
ਤੂੰ ਵੀ ਵੇਖੀਂ
ਨਸਲਕਸ਼ੀ ਦੀ ਇਹ ਅਨੋਖੀ ਮਿਸਾਲ
ਤੈਨੂੰ ਯਾਦ ਤਾਂ ਕਰਦੀ ਆਂ ਅਕਸਰ
ਖ਼ਾਸ ਕਰ ਜਦੋਂ ਲੈਬ ਵਿਚ ਪਏ
ਪਿੰਜਰ ਵੇਖਦੀ ਆਂ

ਮੌਸਮ ਦੀ ਗੱਲ ਪੁੱਛਦੈਂ?
ਬੜਾ ਵਧੀਆ ਐ
ਆਪਣੀਆਂ ਪਲਕਾਂ 'ਤੇ ਖਿੰਡੇ
ਸਾਰੇ ਦੇ ਸਾਰੇ ਸੁਪਨਿਆਂ ਨੂੰ
ਮੈਂ ਕੈਸ਼ ਕਰਵਾ ਲੈਣੈ,
ਤੇ ਕੈਦ ਕਰ ਲੈਣੈ ਕੈਮਰੇ ਵਿਚ
ਅਸਮਾਨੀਂ ਪਈ ਸਤਰੰਗੀ ਪੀਂਘ ਨੂੰ

ਹਾਂ...ਅੱਛਾ...ਮਿਲਾਂਗੇ ਜਲਦੀ ਹੀ
ਜੇ ਕੰਪਿਊਟਰ ਨੇ ਚਾਹਿਆ
ਉਦੋਂ ਵੇਖਾਂਗੇ ਆਪਣੇ ਵਾਰਸ ਦਾ ਸੁਪਨਾ
ਵਾਰਸ-ਤੇਰਾ ਅਤੇ ਮੇਰਾ
ਜਿਸਨੂੰ ਸਾਰੀ ਦੀ ਸਾਰੀ ਮਮਤਾ

ਮੈਂ ਟੈਸਟ ਟਿਊਬ ਵਿਚ ਹੀ ਦੇ ਦੇਣੀ ਏ