ਇਨਕਲਾਬੀ

ਉਹ ਜੋ
ਇਨਕਲਾਬ ਦੀਆਂ ਗੱਲਾਂ
ਫੈਲਾਂਦਾ ਸੀ
ਜੰਗਲ ਦੀ ਅੱਗ ਵਾਂਗ
ਅੱਜ ਕੱਲ੍ਹ
ਬੱਸ-ਸਟੈਂਡ ਦੇ
ਇਕ ਖੂੰਜੇ
ਲਾਟਰੀ ਦੀਆਂ
ਜਾਅਲੀ ਟਿਕਟਾਂ ਵੇਚਦੈ
ਤੇ ਲੋਕਾਂ ਦੀਆਂ
ਅੱਖਾਂ ਵਿਚ
ਕਾਰ, ਕੋਠੀ, ਟੈਲੀਫ਼ੂਨ ਦੇ
ਸੁਪਨੇ ਤੁੰਨਣ ਤੋਂ ਬਾਅਦ
ਆਪਣੀ ਕਿਰਾਏ ਦੀ ਕੋਠੜੀ ਵਿਚ
ਡੂੰਘੀ ਰਾਤ ਨੂੰ ਹੀ ਮੁੜਦੈ

ਉਸ ਦੀ ਛਾਤੀ ਦੇ
ਐਨ ਵਿਚਕਾਰ
ਟੁੱਟੇ ਸੁਪਨਿਆਂ ਦੀਆਂ ਕਿਰਚਾਂ ਦਾ
ਮਾਰੂਥਲ ਏ
ਉਸੇ ਛਾਤੀ ਵਿਚਕਾਰ
ਜਿਸ 'ਤੇ ਹੱਥ ਮਾਰ ਕੇ
ਉਹ
ਯੁੱਗ ਸਿਰਜਣ ਦੀ
ਗੱਲ ਕਰਦਾ ਸੀ
ਉਸ ਛਾਤੀ 'ਤੇ ਅੱਜ ਉਹਦਾ
ਅਭੋਲ ਸੁੱਤਿਆਂ ਪਿਆਂ ਵੀ ਜੇ
ਹੱਥ ਚਲਾ ਜਾਏ,
ਉਹ ਤ੍ਰਬਕ ਕੇ ਉਠ ਬਹਿੰਦੈ
ਤੇ ਫੇਰ ਸਾਗਰ
ਉਹਦੀ ਤ੍ਰੇਹ ਸਾਹਵੇਂ
ਸੰਗ ਜਾਂਦੈ
ਸੁਪਨਿਆਂ ਦੇ ਜੰਗਲ ਦੇ
ਜਾਗ ਜਾਣ ਦੇ ਡਰੋਂ

ਉਹ ਬੇ-ਆਵਾਜ਼ ਕਦਮਾਂ ਨਾਲ ਲੰਘਦੈ
ਆਪਣੇ ਆਪ ਕੋਲੋਂ ਵੀ
ਬੇਖ਼ਾਬ ਅੱਖਾਂ ਉਸਦੀਆਂ
ਉਡੀਕਦੀਆਂ ਨੇ
ਸਿਰਫ਼ ਲਾਟਰੀ ਦੇ ਗਾਹਕ

ਕਦੇ ਉਹ ਸੋਚਦਾ ਸੀ
ਕਿ ਜ਼ਮੀਰ ਤੋਂ ਬਿਨਾਂ
ਸਭ ਕੁਝ ਵਿਕਾਊ ਏ
ਅੱਜ ਜ਼ਮੀਰਾਂ ਦੀ
ਖ਼ਰੀਦੋ-ਫਰੋਖਤ ਜਿਹਾ ਸੱਚਾ ਸੌਦਾ
ਉਸ ਨੂੰ
ਹੋਰ ਕੋਈ
ਜਾਪਦਾ ਹੀ ਨਹੀਂ
ਉਹ ਜੋ
ਇਨਕਲਾਬ ਦੀਆਂ ਗੱਲਾਂ
ਫੈਲਾਂਦਾ ਸੀ

ਜੰਗਲ ਦੀ ਅੱਗ ਵਾਂਗ