ਗ਼ਜ਼ਲ

ਚਿੱਕੜ ਦੇ ਵਿਚ ਵੀ ਹੱਸਦਾ ਸਾਂ, ਕੌਲ ਫੁੱਲ ਦੇ ਵਾਂਗ
ਫੁੱਲਾਂ ਨੂੰ ਸਾਂਭ ਛੱਡਦਾਂ, ਹੁਣ ਤਾਂ ਕਿਤਾਬ ਵਿਚ

ਕਾਸਦ ਬਣਾ ਕੇ ਗ਼ੈਰ ਨੂੰ, ਘੱਲਿਆ ਸੀ ਤੇਰੇ ਸ਼ਹਿਰ
ਹੱਡੀ ਦਾ ਟੋਟਾ ਰਲ ਗਿਆ, ਤਾਹੀਓਂ ਕਬਾਬ ਵਿਚ

ਸ਼ਗਨਾਂ ਦੀ ਮੌਤ ਸੀ, ਜਾਂ ਸੀ ਇਹ ਮੌਤ ਦਾ ਸ਼ਗਨ
ਮਹਿੰਦੀ ਤੂੰ ਭੇਜੀ ਘੋਲ ਕੇ, ਜਿਹੜੀ ਤੇਜ਼ਾਬ ਵਿਚ

ਦਿਲ ਵਿਚ ਦਰਦ ਦੇ ਵਾਂਗਰਾਂ, ਰਹਿੰਦਾ ਸੀ ਨਾਲ ਜੋ
ਖ਼ਤ ਪੜ੍ਹ ਕੇ ਵੀ ਨਹੀਂ ਮਿਲਦਾ, ਉਹ ਆਣ ਖ਼ਾਬ ਵਿਚ

ਕੁਰਬਾਨ ਬੇਗਰਜ਼ ਦੀ ਇਸ, ਬਾਅਸੂਲੀ ਤੋਂ
ਹਰ ਵਾਰ ਪੱਥਰ ਭੇਜਦੈ, ਫੁੱਲ ਦੇ ਜਵਾਬ ਵਿਚ

ਮਸਜਿਦ ਨਹੀਂ ਇਹ ਮੈਅਕਦਾ ਏ, ਕੁਝ ਤਾਂ ਖੌਫ਼ ਕਰ
ਸਾਕੀ ਮਿਲਾ ਨਾ ਜ਼ਹਿਰ ਤੂੰ, ਮੇਰੀ ਸ਼ਰਾਬ ਵਿਚ

ਦੁਸ਼ਮਨ ਤੇ ਨਹੀਂ ਗਿਲਾ, ਕਿ ਕਦੇ ਦੋਸਤਾਂ ਦੇ ਵਾਂਗ
ਖੰਜਰ ਲੁਕਾ ਕੇ ਰੱਖਦਾ ਨਹੀਂ, ਉਹ ਜੁਰਾਬ ਵਿਚ