(Scroll
down to read in Gurmukhi)
پنجابی بارے حفیظ دا
دُکھ
سعید احمد، راولپنڈی
انگلینڈ وسدے اِ ک بیلی حفیظ جاوید نے دسیا کہ اوہ پنجیہہ ورھے لندن وِچ گذار کے لہور ایہہ آس لے کے گیا سی کہ اوتھے جا کے بچے اپنے چاچیاں ماسیاں پھُپھیاں دے دھیاں پُتراں نال رَل مِل کے چنگی طراں پنجابی بولن تے سِکھن گی۔ اوہنے ایس گل نوں اپنے ایمان دا حصہ بنایا ہویا سی کہ بچیاں نوں اوہناں دِی مادری زبان پنجابی چنگی طراں بولنا آؤنی چاہی دِی اے ۔ کیوں جے اوہ تے اوہدی بیوی بھاویں ددویں اِی اپنے بچیاں نال پنجابی وِچ اِی گل بات کردے سی پر لندن دے انگریزی ماحول وِچ اپنی زبان نوں بچیاں تیکر اوس طراں نہ اپڑا سکے جِیویں ا وہناں دے ماں پیو نے اوہناں دوہاں نوں سکھائی سی۔ پردیس وِچ اپنی زبان دِی سانبھ کجھ اوکھی جہی گل ای۔ گھر وِچ بالاں دے نال نِرا کچن پنجابی اِی بولی جاندی۔ جیویں اماں اَج کیہ پکایا ہی۔ماں نے آکھنا اَج پُتر کریلے مِیٹ پکائے نیں۔ پُتر آ اِک روٹی کھا لَی۔ مُنڈا آکھدا کہ نو مام ، میں برگر اِی لائق کرداں۔ ماں اگوں کہندی اے کہ گل سُن، کیہ تینوں ماں دے ہتھاں دِی پَکی ہوئی ہانڈی چَک وڈدی ہے تیرا پیُو تاں کریلے گوشت شوق نال کھاندا ہے تو برگر برگُر دا کھیڑا چھَڈ تے روٹی کھا لی، آجا میرا پُتر، مُنڈا کدی ماں دِی سُندا تے کدی نہ۔ دوہاں جِیاں نے فیصلہ کیتا کہ اوہ ایس کچن پنجابی توں ہَٹ کے اپنے بالاں نوں اصلی تے کھری پنجابی سکھاؤن گی۔ ایہہ وکھری گل اے کہ اوہ جِس ویلے لہور دے ائیر پورٹ تے لتھے تاں جس پاسے وِی منہ موڑن لوکی اوہناں دے نال اُردو وِچ گل بات کرن۔ کسٹم والی، پی آئی اے والی، ٹرالی دِھکن والے مزدور، ٹیکسی والے سارے اِی تاں اوہناں دے نال اُردو وِچ گل کر رہے سی۔ حفیظ جاوید ایہہ سب کجھ ویکھ کے ڈر جیہا گیا۔ اوہ اوہناں لوکاں وَل بِٹ بِٹ ویکھی جاوی۔ اوہ پنجیہہ ورھے پہلاں جو لہور چھڈ کے گیا سی اوہ تاں کجھ ہور دا ہور اِی بن گیا سی۔ اوہ اپنے آپ نوں کوسن لگ پیا کہ جو سوہنا سُفنا سجا کے اوہ لندنوں ٹُریا سی اوہ لہور اپڑ کے اِک بوہت اِی وڈا ڈراؤنا خاب بن کے نِکلیا۔ اوہنوں اِنج لگا کہ اوہ لہور دے ہوائی اڈے تے اُترن دِی تھاں ہورے لکھنئو دے ہوائی اڈے تے آ لتھا ہووی۔ مَتھے اُتے تریلی پونجدیاں اوہ اپنے سامان نوں لے کے ہوائی اڈے دے لاؤنج وِچ آیا جِتھے اوہدے بھرا اوہناں دا سواگت کرن لئی آئے دے سی۔ بھرا اوہدے نال پنجابی بولن پر بھرجائی تے بچیاں نال اُردو وچ گل بات کرن۔ اوہ اوہناں دے منہ ول ویکھے ۔ اوہدے توں رہیا نہ گیا تے اوہنے اِخیر دلیری کر کے اوہناں نوں آکھیا کہ تُسی میری بیوی تے بچیاں نال پنجابی وِچ گل کرو۔ اوہ اگوں پھِکے جیہے پئے تے کھَسی ہاسا ہسدیاں آکھن لگے کہ حفیظ جی ایہہ کوئی چنگی گل ہے کہ بھابھی جی تے بچیاں نال پنجابی بولی جاوی۔ حفیظ نے اوہناں نوں صاف لفظاں وِچ دَسیا کہ تُسی ایہناں نال پنجابی وِچ گل کرو۔ اِک بھر ا وراچھاں نوں چؤڑا کر کے بولیا: بھائی جی، لوک کیہ کہن گے کہ ایہہ فیملی کِنی اچھی اے پر پنجابی بولدی ای۔ لوکی ساڈا سب دا مذاق اُڈاؤ ن گی۔ حفیظ نے فیر اوہناں نوں آکھیا کہ میں تاں ایتھے ایہناں نوں پنجابی زبان تے اپنا اُٹھن بہن سکھاؤن لئی لے کے آیا جی۔ تُسی کہندے اوہ کہ لوک اساڈا مذاق اُڈاؤن گی۔ اَج توں پنجیہہ ورھے پہلاں تاں اِنج نہیں سی۔ کیہ ایہہ پنجاب دے لوکی اینی چھیتی بدل گئے نیں۔
سارے بھرا مِل کے بولی۔ حفیظ جی زمانہ بڑا بدل گیا ای۔ ہن لوکی اپنے آپ نوں دوجیاں توں اُچا ثابت کرن لئی اُردو بولدے ہن ، سگوں اردو تاں اِک پاسے لوکی تاں انگریجی بولدے ہن۔ پنجابی بولن والے دا مذاق اُڈایا جاندا ای۔ پنجاب وِچ تاں ہر پاسے ایہہ ہوا چلائی گئی ہے کہ بس اُردو بولو۔ اردو ہی آپ کی قومی اور مادری زبان ہی۔
ایسے پریشانی وِچ حفیظ اپنی فیملی نال اپنے وڈے بھائی دے گھر اپڑیا۔ جِتھے ہور رشتہ دار وِی اکٹھے ہوئے سی۔ جِس ویلے اوہ اوہناں نوں مِلے تاں حفیظ نوں اندازہ ہویا کہ جو گل بھائی کہہ رہے سی اوہ ٹھیک ہی۔ حفیظ دے بچیاں دے مونہوں پنجابی سُن کے اوہدے بھائیاں تے بھیناں دے بچے ہس رہے سی۔ اوہ اوہناں نال اُردو بول رہے سی۔ حفیظ دِی دھی رانی اپنیاں ملیراں، مسیراں تے پھُپھیراں نال پنجابی وِچ گل کرن دا جتن کردی پر اوہ اگوں سارے اِی اُردو بولدی۔ اخیر اوہ اوہناں دے رنگ وِچ رنگی گئی۔ حفیظ تاں لندنوں ایہہ سوچ کے ایتھے آیا سی کہ اوہ ایتھے آ کے کجھ مہینیاں لئی بچیاں نوں ایتھے دے کِسے سکول وِچ داخل کروائے گا جِتھے اوہناں نوں اپنی رہتل بہتل دا عِلم ہووے گا پر اوہ تاں جتھے وِی جاوے اوتھے اُردو انگریزی دا راج لبھی۔ پنجاب دے دِل لہور شہر وچ سکولاں والے حفیظ نوں سِدھا سِدھا اِک ای سنیہہ دیون کہ پنجابی زبان نوں سکولاں دے گیٹ توں باہر چھڈ کے آؤ۔
حفیظ اپنے لہور دے اسے تجربے نوں بڑے ہی کرب تے دُکھ نال سُنا رہیا سی۔ حفیظ نے صوفے تے بیٹھے بیٹھے اپنے دوویں ہتھ بغلاں وِچ دبائے تے ٹھنڈی آہ بھری تے آکھن لگا کہ بھائی جی ! میرے حساب نال پاکستان وِچ پنجابی زبان تاں مر چُکی ای۔ پنجاب وِچ تاں ہر کوئی اُردو دے جھَل پُنے دا شکار ای۔ حفیظ دسن لگا کہ جِس ویلے اوہنے ایہہ سب کجھ ویکھیا تاں اوہدے کولوں برداشت نہ ہویا اوہنے اپنی گھروالی نوں آکھیا کہ آؤ اسیں لندن وَل ٹُر چلئے جِتھے اسیں ماڑی موٹی پنجابی بولدے آں۔ کچن پنجابی دے کجھ لفظ اسیں اپنے بچیاں نوں سکھائی بیٹھے آں ۔ ایتھے آ کے تاں اسیں اوہ وِی گنوا بیٹھاں گی۔ جدوں حفیظ نے ایہہ لفظ بولے تاں اوہدِیاں اکھیاں وِچ ہنجو تَر رہے سی ۔
___________________________________________________________________
ਪੰਜਾਬੀ ਬਾਰੇ ਹਫ਼ੀਜ਼ ਦਾ ਦੁੱਖ
ਸਈਦ ਅਹਿਮਦ, ਰਾਵਲਪਿੰਡੀ
ਇੰਗਲੈਂਡ ਵਸਦੇ ਇੱਕ ਬੈਲੀ ਹਫ਼ੀਜ਼ ਜਾਵੇਦ ਨੇ ਦੱਸਿਆ ਕਿ ਉਹ ਪਨਜੀਹਾ ਵਰ੍ਹੇ ਲੰਦਨ ਵਿਚ ਗੁਜ਼ਾਰ ਕੇ ਲਹੌਰ ਇਹ ਆਸ ਲੈ ਕੇ ਗਿਆ ਸੀ ਕਿ ਓਥੇ ਜਾ ਕੇ ਬੱਚੇ ਆਪਣੇ ਚਾਚਿਆਂ ਮਾਸੀਆਂ ਫੁਫੀਆਂ ਦੇ ਧੀਆਂ ਪੁੱਤਰਾਂ ਨਾਲ਼ ਰਲ ਮਿਲ ਕੇ ਚੰਗੀ ਤਰਾਂ ਪੰਜਾਬੀ ਬੋਲਣ ਤੇ ਸਿੱਖਣਗੀ। ਉਹਨੇ ਏਸ ਗੱਲ ਨੂੰ ਆਪਣੇ ਈਮਾਨ ਦਾ ਹਿੱਸਾ ਬਣਾਇਆ ਹੋਇਆ ਸੀ ਕਿ ਬੱਚਿਆਂ ਨੂੰ ਉਨ੍ਹਾਂ ਦੀ ਮਾਦਰੀ ਜ਼ਬਾਨ ਪੰਜਾਬੀ ਚੰਗੀ ਤਰਾਂ ਬੋਲਣਾ ਆਉਣੀ ਚਾਹੀਦੀ ਏ । ਕਿਉਂ ਜੇ ਉਹ ਤੇ ਉਹਦੀ ਬੀਵੀ ਭਾਵੇਂ ਦਦਵੀਂ ਈ ਆਪਣੇ ਬੱਚਿਆਂ ਨਾਲ਼ ਪੰਜਾਬੀ ਵਿਚ ਈ ਗੱਲਬਾਤ ਕਰਦੇ ਸੀ ਪਰ ਲੰਦਨ ਦੇ ਅੰਗਰੇਜ਼ੀ ਮਾਹੌਲ ਵਿਚ ਆਪਣੀ ਜ਼ਬਾਨ ਨੂੰ ਬੱਚਿਆਂ ਤੀਕਰ ਇਸ ਤਰਾਂ ਨਾ ਅੱਪੜਾ ਸਕੇ ਜਿਵੇਂ ਉਨ੍ਹਾਂ ਦੇ ਮਾਂ ਪਿਓ ਨੇ ਉਨ੍ਹਾਂ ਦੋਹਾਂ ਨੂੰ ਸਿਖਾਈ ਸੀ। ਪ੍ਰਦੇਸ ਵਿਚ ਆਪਣੀ ਜ਼ਬਾਨ ਦੀ ਸਾਂਭ ਕੁੱਝ ਔਖੀ ਜਿਹੀ ਗੱਲ ਈ। ਘਰ ਵਿਚ ਬਾਲਾਂ ਦੇ ਨਾਲ਼ ਨਿਰਾ ਕਿਚਨ ਪੰਜਾਬੀ ਈ ਬੋਲੀ ਜਾਂਦੀ। ਜਿਵੇਂ ਅੰਮਾਂ ਅੱਜ ਕੀ ਪਕਾਇਆ ਹੀ।ਮਾਂ ਨੇ ਆਖਣਾ ਅੱਜ ਪੁੱਤਰ ਕਰੇਲੇ ਮੀਟ ਪਕਾਏ ਨੇਂ। ਪੱਤਰ ਆ ਇੱਕ ਰੋਟੀ ਖਾ ਲਯ। ਮੁੰਡਾ ਆਖਦਾ ਕਿ ਨਵ ਮਾਮ , ਮੈਂ ਬਰਗਰ ਈ ਲਾਇਕ ਕਰਦਾਂ। ਮਾਂ ਅੱਗੋਂ ਕਹਿੰਦੀ ਏ ਕਿ ਗੱਲ ਸੁਣ, ਕੀ ਤੈਨੂੰ ਮਾਂ ਦੇ ਹੱਥਾਂ ਦੀ ਪੱਕੀ ਹੋਈ ਹਾਂਡੀ ਚੁੱਕ ਵਡਦੀ ਹੈ ਤੇਰਾ ਪਿਓ ਤਾਂ ਕਰੇਲੇ ਗੋਸ਼ਤ ਸ਼ੌਕ ਨਾਲ਼ ਖਾਂਦਾ ਹੈ ਤੋ ਬਰਗਰ ਬਰਗਰ ਦਾ ਖੇੜਾ ਚ੍ਹਡ਼ ਤੇ ਰੋਟੀ ਖਾਲ਼ੀ, ਆਜਾ ਮੇਰਾ ਪੁੱਤਰ, ਮੁੰਡਾ ਕਦੀ ਮਾਂ ਦੀ ਸੁਣਦਾ ਤੇ ਕਦੀ ਨਾ। ਦੋਹਾਂ ਜੀਆਂ ਨੇ ਫ਼ੈਸਲਾ ਕੀਤਾ ਕਿ ਉਹ ਏਸ ਕਿਚਨ ਪੰਜਾਬੀ ਤੋਂ ਹਟ ਕੇ ਆਪਣੇ ਬਾਲਾਂ ਨੂੰ ਅਸਲੀ ਤੇ ਖਰੀ ਪੰਜਾਬੀ ਸਿਖਾਉਣਗੀ। ਇਹ ਵੱਖਰੀ ਗਲ ਏ ਕਿ ਉਹ ਜਿਸ ਵੇਲੇ ਲਹੌਰ ਦੇ ਏਅਰਪੋਰਟ ਤੇ ਲੱਥੇ ਤਾਂ ਜਿਸ ਪਾਸੇ ਵੀ ਮੂੰਹ ਮੁੜਨ ਲੋਕੀ ਉਨ੍ਹਾਂ ਦੇ ਨਾਲ਼ ਉਰਦੂ ਵਿਚ ਗੱਲਬਾਤ ਕਰਨ। ਕਸਟਮ ਵਾਲੀ, ਪੀ ਆਈ ਏ ਵਾਲੀ, ਟਰਾਲੀ ਧੱਕਣ ਵਾਲੇ ਮਜ਼ਦੂਰ, ਟੈਕਸੀ ਵਾਲੇ ਸਾਰੇ ਈ ਤਾਂ ਉਨ੍ਹਾਂ ਦੇ ਨਾਲ਼ ਉਰਦੂ ਵਿਚ ਗੱਲ ਕਰ ਰਹੇ ਸੀ। ਹਫ਼ੀਜ਼ ਜਾਵੇਦ ਇਹ ਸਭ ਕੁੱਝ ਵੇਖ ਕੇ ਡਰ ਜਿਹਾ ਗਿਆ। ਉਹ ਉਨ੍ਹਾਂ ਲੋਕਾਂ ਵੱਲ ਬੱਟ ਬੱਟ ਵੇਖੀ ਜਾਵੀ। ਉਹ ਪਨਜੀਹਾ ਵਰ੍ਹੇ ਪਹਿਲਾਂ ਜੋ ਲਹੌਰ ਛੱਡ ਕੇ ਗਿਆ ਸੀ ਉਹ ਤਾਂ ਕੁੱਝ ਹੋਰ ਦਾ ਹੋਰ ਈ ਬਣ ਗਿਆ ਸੀ। ਉਹ ਆਪਣੇ ਆਪ ਨੂੰ ਕੋਸਣ ਲੱਗ ਪਿਆ ਕਿ ਜੋ ਸੋਹਣਾ ਸੁਫ਼ਨਾ ਸਜਾ ਕੇ ਉਹ ਲੰਦਨੋਂ ਟੁਰਿਆ ਸੀ ਉਹ ਲਹੌਰ ਅੱਪੜ ਕੇ ਇੱਕ ਬਹੁਤ ਈ ਵੱਡਾ ਡਰਾਉਣਾ ਖ਼ਾਬ ਬਣ ਕੇ ਨਿਕਲਿਆ। ਉਹਨੂੰ ਇੰਝ ਲੱਗਾ ਕਿ ਉਹ ਲਹੌਰ ਦੇ ਹਵਾਈ ਅੱਡੇ ਤੇ ਉਤਰਨ ਦੀ ਥਾਂ ਹੂਰੇ ਲਖਨਊ ਦੇ ਹਵਾਈ ਅੱਡੇ ਤੇ ਆ ਲੱਥਾ ਹੋਵੀ। ਮੱਥੇ ਉੱਤੇ ਤ੍ਰੇਲੀ ਪੂੰਝਦਿਆਂ ਉਹ ਆਪਣੇ ਸਾਮਾਨ ਨੂੰ ਲੈ ਕੇ ਹਵਾਈ ਅੱਡੇ ਦੇ ਲਾਊਂਜ ਵਿਚ ਆਇਆ ਜਿਥੇ ਉਹਦੇ ਭਰਾ ਉਨ੍ਹਾਂ ਦਾ ਸਵਾਗਤ ਕਰਨ ਲਈ ਆਏ ਦੇ ਸੀ। ਭਰਾ ਉਹਦੇ ਨਾਲ਼ ਪੰਜਾਬੀ ਬੋਲਣ ਪਰ ਭਰਜਾਈ ਤੇ ਬੱਚਿਆਂ ਨਾਲ਼ ਉਰਦੂ ਵਿਚ ਗੱਲਬਾਤ ਕਰਨ। ਉਹ ਉਨ੍ਹਾਂ ਦੇ ਮੂੰਹ ਵੱਲ ਵੇਖੇ । ਉਹਦੇ ਤੋਂ ਰਿਹਾ ਨਾ ਗਿਆ ਤੇ ਉਹਨੇ ਅਖ਼ੀਰ ਦਲੇਰੀ ਕਰ ਕੇ ਉਨ੍ਹਾਂ ਨੂੰ ਆਖਿਆ ਕਿ ਤੁਸੀ ਮੇਰੀ ਬੀਵੀ ਤੇ ਬੱਚਿਆਂ ਨਾਲ਼ ਪੰਜਾਬੀ ਵਿਚ ਗੱਲ ਕਰੋ। ਉਹ ਅੱਗੋਂ ਫਿੱਕੇ ਜਿਹੇ ਪਏ ਤੇ ਖੱਸੀ ਹਾਸਾ ਹੱਸਦਿਆਂ ਆਖਣ ਲੱਗੇ ਕਿ ਹਫ਼ੀਜ਼ ਜੀ ਇਹ ਕੋਈ ਚੰਗੀ ਗੱਲ ਹੈ ਕਿ ਭਾਭੀ ਜੀ ਤੇ ਬੱਚਿਆਂ ਨਾਲ਼ ਪੰਜਾਬੀ ਬੋਲੀ ਜਾਵੀ। ਹਫ਼ੀਜ਼ ਨੇ ਉਨ੍ਹਾਂ ਨੂੰ ਸਾਫ਼ ਲਫ਼ਜ਼ਾਂ ਵਿਚ ਦੱਸਿਆ ਕਿ ਤੁਸੀ ਇਨ੍ਹਾਂ ਨਾਲ਼ ਪੰਜਾਬੀ ਵਿਚ ਗੱਲ ਕਰੋ। ਇੱਕ ਭਰਾ ਵਰਾਛਾਂ ਨੂੰ ਚੜ੍ਹ ਕਰ ਕੇ ਬੋਲਿਆ: ਭਾਈ ਜੀ, ਲੋਕ ਕੀ ਕਹਿਣਗੇ ਕਿ ਇਹ ਫ਼ੈਮਿਲੀ ਕਿੰਨੀ ਅੱਛੀ ਏ ਪਰ ਪੰਜਾਬੀ ਬੋਲਦੀ ਈ। ਲੋਕੀ ਸਾਡਾ ਸਭ ਦਾ ਮਜ਼ਾਕ ਉਡਾਉਣ ਗੀ। ਹਫ਼ੀਜ਼ ਨੇ ਫ਼ਿਰ ਉਨ੍ਹਾਂ ਨੂੰ ਆਖਿਆ ਕਿ ਮੈਂ ਤਾਂ ਉਥੇ ਇਨ੍ਹਾਂ ਨੂੰ ਪੰਜਾਬੀ ਜ਼ਬਾਨ ਤੇ ਅਪਣਾ ਉੱਠਣ ਬਹਿਣ ਸਿਖਾਉਣ ਲਈ ਲੈ ਕੇ ਆਇਆ ਜੀ। ਤੁਸੀ ਕਹਿੰਦੇ ਉਹ ਕਿ ਲੋਕ ਅਸਾਡਾ ਮਜ਼ਾਕ ਉਡਾਉਣਗੀ। ਅੱਜ ਤੋਂ ਪਨਜੀਹਾ ਵਰ੍ਹੇ ਪਹਿਲਾਂ ਤਾਂ ਇੰਜ ਨਹੀਂ ਸੀ। ਕੀ ਇਹ ਪੰਜਾਬ ਦੇ ਲੋਕੀ ਏਨੀ ਛੇਤੀ ਬਦਲ ਗਏ ਨੇਂ।
ਸਾਰੇ ਭਰਾ ਮਿਲ ਕੇ ਬੋਲੀ। ਹਫ਼ੀਜ਼ ਜੀ ਜ਼ਮਾਨਾ ਬੜਾ ਬਦਲ ਗਿਆ ਈ। ਹੁਣ ਲੋਕੀ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਸਾਬਤ ਕਰਨ ਲਈ ਉਰਦੂ ਬੋਲਦੇ ਹਨ , ਸਗੋਂ ਉਰਦੂ ਤਾਂ ਇੱਕ ਪਾਸੇ ਲੋਕੀ ਤਾਂ ਅੰਗਰੇਜੀ ਬੋਲਦੇ ਹਨ। ਪੰਜਾਬੀ ਬੋਲਣ ਵਾਲੇ ਦਾ ਮਜ਼ਾਕ ਉਡਾਇਆ ਜਾਂਦਾ ਈ। ਪੰਜਾਬ ਵਿਚ ਤਾਂ ਹਰ ਪਾਸੇ ਇਹ ਹਵਾ ਚਲਾਈ ਗਈ ਹੈ ਕਿ ਬੱਸ ਉਰਦੂ ਬੋਲੋ। ਉਰਦੂ ਹੀ ਆਪ ਕੀ ਕੌਮੀ ਔਰ ਮਾਦਰੀ ਜ਼ਬਾਨ ਹੀ।
ਇਸੇ ਪ੍ਰੇਸ਼ਾਨੀ ਵਿਚ ਹਫ਼ੀਜ਼ ਆਪਣੀ ਫ਼ੈਮਿਲੀ ਨਾਲ਼ ਆਪਣੇ ਵੱਡੇ ਭਾਈ ਦੇ ਘਰ ਅਪੜਿਆ। ਜਿਥੇ ਹੋਰ ਰਿਸ਼ਤਾਦਾਰ ਵੀ ਇਕੱਠੇ ਹੋਏ ਸੀ। ਜਿਸ ਵੇਲੇ ਉਹ ਉਨ੍ਹਾਂ ਨੂੰ ਮਿਲੇ ਤਾਂ ਹਫ਼ੀਜ਼ ਨੂੰ ਅੰਦਾਜ਼ਾ ਹੋਇਆ ਕਿ ਜੋ ਗੱਲ ਭਾਈ ਕਹਿ ਰਹੇ ਸੀ ਉਹ ਠੀਕ ਹੀ। ਹਫ਼ੀਜ਼ ਦੇ ਬੱਚਿਆਂ ਦੇ ਮੂੰਹੋਂ ਪੰਜਾਬੀ ਸੁਣ ਕੇ ਉਹਦੇ ਭਾਈਆਂ ਤੇ ਭੈਣਾਂ ਦੇ ਬੱਚੇ ਹੱਸ ਰਹੇ ਸੀ। ਉਹ ਉਨ੍ਹਾਂ ਨਾਲ਼ ਉਰਦੂ ਬੋਲ ਰਹੇ ਸੀ। ਹਫ਼ੀਜ਼ ਦੀ ਧੀ ਰਾਣੀ ਆਪਣੀਆਂ ਮਲੇਰਾਂ, ਮਸੇਰਾਂ ਤੇ ਫਫੇਰਾਂ ਨਾਲ਼ ਪੰਜਾਬੀ ਵਿਚ ਗੱਲ ਕਰਨ ਦਾ ਜਤਨ ਕਰਦੀ ਪਰ ਉਹ ਅੱਗੋਂ ਸਾਰੇ ਈ ਉਰਦੂ ਬੋਲਦੀ। ਅਖ਼ੀਰ ਉਹ ਉਨ੍ਹਾਂ ਦੇ ਰੰਗ ਵਿਚ ਰੰਗੀ ਗਈ। ਹਫ਼ੀਜ਼ ਤਾਂ ਲੰਦਨੋਂ ਇਹ ਸੋਚ ਕੇ ਇਥੇ ਆਇਆ ਸੀ ਕਿ ਉਹ ਇਥੇ ਆ ਕੇ ਕੁੱਝ ਮਹੀਨਿਆਂ ਲਈ ਬੱਚਿਆਂ ਨੂੰ ਉਥੇ ਦੇ ਕਿਸੇ ਸਕੂਲ ਵਿਚ ਦਾਖ਼ਲ ਕਰਵਾਏਗਾ ਜਿਥੇ ਉਨ੍ਹਾਂ ਨੂੰ ਆਪਣੀ ਰਹਿਤਲ ਬਹਿਤਲ ਦਾ ਇਲਮ ਹੋਵੇਗਾ ਪਰ ਉਹ ਤਾਂ ਜਿਥੇ ਵੀ ਜਾਵੇ ਓਥੇ ਉਰਦੂ ਅੰਗਰੇਜ਼ੀ ਦਾ ਰਾਜ ਲੱਭੀ। ਪੰਜਾਬ ਦੇ ਦਿਲ ਲਹੌਰ ਸ਼ਹਿਰ ਵਿਚ ਸਕੂਲਾਂ ਵਾਲੇ ਹਫ਼ੀਜ਼ ਨੂੰ ਸਿੱਧਾ ਸਿੱਧਾ ਇੱਕ ਈ ਸੁਨੇਹਾ ਦੇਵਨ ਕਿ ਪੰਜਾਬੀ ਜ਼ਬਾਨ ਨੂੰ ਸਕੂਲਾਂ ਦੇ ਗੇਟ ਤੋਂ ਬਾਹਰ ਛੱਡ ਕੇ ਆਓ।
ਹਫ਼ੀਜ਼ ਆਪਣੇ ਲਹੌਰ ਦੇ ਇਸੇ ਤਜਰਬੇ ਨੂੰ ਬੜੇ ਹੀ ਕਰਬ ਤੇ ਦੁੱਖ ਨਾਲ਼ ਸੁਣਾ ਰਿਹਾ ਸੀ। ਹਫ਼ੀਜ਼ ਨੇ ਸੋਫ਼ੇ ਤੇ ਬੈਠੇ ਬੈਠੇ ਆਪਣੇ ਦੋਵੇਂ ਹੱਥ ਬਗ਼ਲਾਂ ਵਿਚ ਦਬਾਏ ਤੇ ਠੰਡੀ ਆਹ ਭਰੀ ਤੇ ਆਖਣ ਲੱਗਾ ਕਿ ਭਾਈ ਜੀ ! ਮੇਰੇ ਹਿਸਾਬ ਨਾਲ਼ ਪਾਕਿਸਤਾਨ ਵਿਚ ਪੰਜਾਬੀ ਜ਼ਬਾਨ ਤਾਂ ਮਰ ਚੁੱਕੀ ਈ। ਪੰਜਾਬ ਵਿਚ ਤਾਂ ਹਰ ਕੋਈ ਉਰਦੂ ਦੇ ਝੱਲ ਪੰਨੇ ਦਾ ਸ਼ਿਕਾਰ ਈ। ਹਫ਼ੀਜ਼ ਦੱਸਣ ਲੱਗਾ ਕਿ ਜਿਸ ਵੇਲੇ ਉਹਨੇ ਇਹ ਸਭ ਕੁੱਝ ਵੇਖਿਆ ਤਾਂ ਉਹਦੇ ਕੋਲੋਂ ਬਰਦਾਸ਼ਤ ਨਾ ਹੋਇਆ ਉਹਨੇ ਆਪਣੀ ਘਰਵਾਲੀ ਨੂੰ ਆਖਿਆ ਕਿ ਆਓ ਅਸੀਂ ਲੰਦਨ ਵੱਲ ਟੁਰ ਚਲਏ ਜਿਥੇ ਅਸੀਂ ਮਾੜੀ ਮੋਟੀ ਪੰਜਾਬੀ ਬੋਲਦੇ ਆਂ। ਕਿਚਨ ਪੰਜਾਬੀ ਦੇ ਕੁੱਝ ਲਫ਼ਜ਼ ਅਸੀਂ ਆਪਣੇ ਬੱਚਿਆਂ ਨੂੰ ਸਿਖਾਈ ਬੈਠੇ ਆਂ । ਇਥੇ ਆ ਕੇ ਤਾਂ ਅਸੀਂ ਉਹ ਵੀ ਗੰਵਾ ਬੈਠਾਂਗੀ। ਜਦੋਂ ਹਫ਼ੀਜ਼ ਨੇ ਇਹ ਲਫ਼ਜ਼ ਬੋਲੇ ਤਾਂ ਉਹਦੀਆਂ ਅੱਖੀਆਂ ਵਿਚ ਹੰਝੂ ਤੁਰ ਰਹੇ ਸੀ ।